jammers in Punjab jails case : ਕਿਉਂ ਨਾ VIPs ਦੀਆਂ ਗੱਡੀਆਂ ਦੇ ਜੈਮਰ ਜੇਲ੍ਹਾਂ 'ਚ ਲਗਾ ਦਿੱਤੇ ਜਾਣ? ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ
Lawrence Bishnoi Interview Case : ਚੀਫ਼ ਜਸਟਿਸ ਨੇ ਸਰਕਾਰ ਨੂੰ ਸਖ਼ਤ ਫਟਕਾਰ ਲਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਜਾਪਦੀ। ਹਾਈਕੋਰਟ ਨੇ ਕਿਹਾ, ਕਿਉਂ ਨਾ ਵੀਆਈਪੀਜ਼ ਦੀਆਂ ਗੱਡੀਆਂ 'ਚ ਲੱਗੇ ਜੈਮਰ ਜੇਲ੍ਹਾਂ ਵਿੱਚ ਲਗਾ ਦਿੱਤੇ ਜਾਣ?
Lawrence Bishnoi Interview Case : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਇੰਟਰਵਿਊ ਅਤੇ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਦੇ ਮਾਮਲੇ 'ਚ ਵੀਰਵਾਰ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਦੀ ਬੈਂਚ ਅੱਗੇ ਸੁਣਵਾਈ ਹੋਈ।
ਇਸ ਦੌਰਾਨ ਸੁਣਵਾਈ ਦੌਰਾਨ ਡੀਜੀਪੀ ਪ੍ਰਬੋਧ ਕੁਮਾਰ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਜਾਂਚ ਪੂਰੀ ਕਰਨ ਲਈ ਸਮਾਂ ਮੰਗਿਆ ਅਤੇ ਕਿਹਾ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਜਾਂਚ ਪੂਰੀ ਕਰ ਲਈ ਜਾਵੇਗੀ।
ਪੰਜਾਬ ਦੀਆਂ ਜੇਲ੍ਹਾਂ 'ਚ ਜੈਮਰ ਮਾਮਲੇ 'ਚ ਹਾਈਕੋਰਟ ਨੇ ਸਰਕਾਰ ਨੂੰ ਪਾਈ ਝਾੜ
ਇਸਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਫੋਨ ਜੈਮਰ ਲਗਾਉਣ ਦਾ ਮਾਮਲਾ ਸ਼ੁਰੂ ਹੋਇਆ। ਜਦੋਂ ਹਾਈਕੋਰਟ ਨੇ ਪੁੱਛਿਆ ਕਿ ਕਿੰਨੀਆਂ ਜੇਲ੍ਹਾਂ ਵਿੱਚ ਜੈਮਰ ਲਗਾਏ ਗਏ ਹਨ ਅਤੇ ਕਿਹੜੇ-ਕਿਹੜੇ ਹਨ ਤਾਂ ਪੰਜਾਬ ਸਰਕਾਰ ਨੇ ਦੱਸਿਆ ਕਿ ਇਸ ਵੇਲੇ ਸਿਰਫ਼ ਤਿੰਨ ਜੇਲ੍ਹਾਂ ਵਿੱਚ ਜੈਮਰ ਲੱਗੇ ਹਨ। ਇਸ 'ਤੇ ਚੀਫ਼ ਜਸਟਿਸ ਨੇ ਸਰਕਾਰ ਨੂੰ ਸਖ਼ਤ ਫਟਕਾਰ ਲਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਜਾਪਦੀ। ਹਾਈਕੋਰਟ ਨੇ ਕਿਹਾ, ਕਿਉਂ ਨਾ ਵੀਆਈਪੀਜ਼ ਦੀਆਂ ਗੱਡੀਆਂ 'ਚ ਲੱਗੇ ਜੈਮਰ ਜੇਲ੍ਹਾਂ ਵਿੱਚ ਲਗਾ ਦਿੱਤੇ ਜਾਣ?
ਹਾਈਕੋਰਟ ਨੇ ਇਸ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਨੂੰ ਅੱਧੇ ਘੰਟੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਪਰ ਅੱਧੇ ਘੰਟੇ ਬਾਅਦ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਮੁੱਖ ਸਕੱਤਰ ਇਸ ਵੇਲੇ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਨ, ਜੇਕਰ ਹਾਈ ਕੋਰਟ ਇਜਾਜ਼ਤ ਦਿੰਦੀ ਹੈ ਤਾਂ ਉਹ ਭਲਕੇ ਸਵੇਰੇ 10 ਵਜੇ ਅਦਾਲਤ ਵਿੱਚ ਪੇਸ਼ ਹੋਣਗੇ। ਇਸ ’ਤੇ ਚੀਫ਼ ਜਸਟਿਸ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਭਲਕੇ ਸਵੇਰੇ 10 ਵਜੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਹਾਈਕੋਰਟ ਨੇ ਇਸ ਦੇ ਨਾਲ ਹੀ ਹੁਕਮ ਦਿੱਤੇ ਕਿ ਇਨ੍ਹਾਂ ਜੇਲ੍ਹਾਂ ਵਿੱਚ ਜੈਮਰ ਅਤੇ ਹੋਰ ਜ਼ਰੂਰੀ ਕੰਮ ਕਦੋਂ ਮੁਕੰਮਲ ਕੀਤੇ ਜਾਣਗੇ? ਇਸ ਬਾਰੇ ਮੁਕੰਮਲ ਜਾਣਕਾਰੀ ਨਾਲ ਲੈ ਕੇ ਆਉਣ। ਉਪਰੰਤ ਅਦਾਲਤ ਨੇ ਮਾਮਲੇ ਦੀ ਸੁਣਵਾਈ ਭਲਕੇ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ।