AAP ਆਗੂ ਦੇ ਕਤਲ 'ਚ ਲੋੜੀਂਦੇ ਕੈਨੇਡਾ ਅਧਾਰਤ ਗੈਂਗਸਟਰ ਦਾ ਸਹਾਇਕ ਗ੍ਰਿਫ਼ਤਾਰ, ਪੁਲਿਸ ਨੇ ਕਾਰ ਤੇ ਅਸਲਾ ਕੀਤਾ ਜ਼ਬਤ

Jalandhar News : ਜਲੰਧਰ ਦਿਹਾਤੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਕੈਨੇਡਾ ਸਥਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਇਕ ਅਹਿਮ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪੱਟੀ ਤੋਂ ਜਨਵਰੀ 2024 'ਚ 'ਆਪ' ਨੇਤਾ ਸੰਨੀ ਚੀਮਾ ਦੇ ਕਤਲ ਦੇ ਮਾਮਲੇ 'ਚ ਲੋੜੀਂਦਾ ਸੀ।

By  KRISHAN KUMAR SHARMA November 4th 2024 02:24 PM -- Updated: November 4th 2024 02:25 PM

AAP Leader Sunny Cheema Murder : ਜਲੰਧਰ ਦਿਹਾਤੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਕੈਨੇਡਾ ਸਥਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਇਕ ਅਹਿਮ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪੱਟੀ ਤੋਂ ਜਨਵਰੀ 2024 'ਚ 'ਆਪ' ਨੇਤਾ ਸੰਨੀ ਚੀਮਾ ਦੇ ਕਤਲ ਦੇ ਮਾਮਲੇ 'ਚ ਲੋੜੀਂਦਾ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਜਗਦੀਪ ਸਿੰਘ ਗਿੱਲ ਉਰਫ ਥੋਲੂ ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।

ਸੀਨੀਅਰ ਕਪਤਾਨ ਪੁਲਿਸ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਨੂੰ ਮੁਖ਼ਬਰੀ ਦੇ ਆਧਾਰ ’ਤੇ ਉਸ ਵੇਲੇ ਕਾਬੂ ਕੀਤਾ ਗਿਆ, ਜਦੋਂ ਉਹ ਨਵਾਂ ਸ਼ਹਿਰ ਤੋਂ ਫਿਲੌਰ ਵੱਲ ਤਰਨਤਾਰਨ ਜਾਣ ਲਈ ਆ ਰਿਹਾ ਸੀ। ਫਿਲੌਰ ਦੇ ਐਸਐਚਓ ਇੰਸਪੈਕਟਰ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਡੀਐਸਪੀ ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਮੁਲਜ਼ਮ ਨੂੰ ਫਿਲੌਰ ਨਾਕੇ ’ਤੇ ਰੋਕ ਕੇ ਕਾਬੂ ਕੀਤਾ ਹੈ।

ਮੁਲਜ਼ਮ ਪਹਿਲਾਂ ਹੀ ਆਈਪੀਸੀ ਦੀ ਧਾਰਾ 302 (ਕਤਲ), 34, 120-ਬੀ ਅਤੇ ਧਾਰਾ 25 ਅਸਲਾ ਐਕਟ ਦੇ ਤਹਿਤ ਤਰਨਤਾਰਨ ਦੇ ਝਬਾਲ ਥਾਣੇ ਵਿੱਚ ਦਰਜ ਐਫਆਈਆਰ ਨੰਬਰ 04, ਮਿਤੀ 14 ਫਰਵਰੀ, 2024 ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ 'ਚੋਂ ਇਕ .32 ਬੋਰ ਦਾ ਪਿਸਤੌਲ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ, ਜਿਸ ਨਾਲ ਅਸਲਾ ਐਕਟ ਤਹਿਤ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਖੱਖ ਨੇ ਕਿਹਾ, "ਨਜਾਇਜ਼ ਹਥਿਆਰ ਦੀ ਬਰਾਮਦਗੀ ਤੋਂ ਬਾਅਦ, ਅਸੀਂ ਫਿਲੌਰ ਥਾਣੇ ਵਿੱਚ ਅਸਲਾ ਐਕਟ ਦੀ ਧਾਰਾ 25(1)(ਏ) ਦੇ ਤਹਿਤ ਐਫਆਈਆਰ ਨੰਬਰ 295 ਦਰਜ ਕੀਤੀ ਹੈ।"

ਮੁਲਜ਼ਮ ਨੇ ਕੀਤਾ ਖੁਲਾਸਾ

ਐਸਐਸਪੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਬਾਠ, ਜੋ ਕਿ ਇਸ ਸਮੇਂ ਕੈਨੇਡਾ ਵਿੱਚ ਰਹਿੰਦਾ ਹੈ, ਦੀਆਂ ਸਿੱਧੀਆਂ ਹਦਾਇਤਾਂ ’ਤੇ ਇਹ ਕਾਰਵਾਈ ਕੀਤੀ ਸੀ। ਜੁਰਮ ਨੂੰ ਅੰਜਾਮ ਦੇਣ ਤੋਂ ਬਾਅਦ, ਗਿੱਲ ਨੇ ਨੇਪਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਥਾਈਲੈਂਡ ਭੱਜਣ ਵਿੱਚ ਕਾਮਯਾਬ ਰਿਹਾ, ਫਿਰ ਉਹ ਦੁਬਈ ਚਲਾ ਗਿਆ। ਹਾਲ ਵਿੱਚ ਉਹ ਅੰਬਾਲਾ ਵਿੱਚ ਆਪਣੇ ਸਹੁਰੇ ਘਰ ਸ਼ਰਨ ਲੈਣ ਤੋਂ ਪਹਿਲਾਂ ਕੁਝ ਸਮਾਂ ਉੱਤਰ ਪ੍ਰਦੇਸ਼ ਵਿੱਚ ਰਿਹਾ, ਜਿੱਥੇ ਆਖਰਕਾਰ ਪੁਲਿਸ ਨੇ ਉਸ ਦਾ ਪਤਾ ਲਗਾ ਲਿਆ ਸੀ।

ਐਸਐਸਪੀ ਖੱਖ ਨੇ ਕਿਹਾ ਕਿ ਮੁਲਜ਼ਮ ਨੇ ਦੋ ਨਿਸ਼ਾਨੇਬਾਜ਼ਾਂ ਨੂੰ ਉਸ ਥਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਜਿੱਥੇ ਚੀਮਾ ਦੀ ਹੱਤਿਆ ਕੀਤੀ ਗਈ ਸੀ ਅਤੇ ਬਾਠ ਨੇ ਅਪਰਾਧ ਤੋਂ ਬਾਅਦ ਉਸਨੂੰ ਭੱਜਣ ਦੀ ਸੇਧ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਉਸ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ।

Related Post