Jalandhar Encounter : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, ਲੰਡਾ ਗੈਂਗ ਦੇ 2 ਗੁਰਗੇ ਅਸਲੇ ਸਮੇਤ ਕਾਬੂ, 2 ਮੁਲਾਜ਼ਮ ਵੀ ਹੋਏ ਜ਼ਖ਼ਮੀ
Jalandhar News : ਮੁੱਠਭੇੜ ਪਿੱਛੋਂ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਗੈਂਗਸਟਰਾਂ ਦੀ ਗੋਲੀ ਲੱਗਣ ਕਾਰਨ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Punjab Police arrested 2 Landa Gang Members : ਜਲੰਧਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਦੀ ਖ਼ਬਰ ਹੈ। ਮੁੱਠਭੇੜ ਜਲੰਧਰ ਦੇ ਥਾਣਾ ਸਦਰ ਅਧੀਨ ਪਿੰਡ ਕੰਗਣੀਵਾਲ 'ਚ ਹੋਈ। ਇਸ ਦੌਰਾਨ ਦੋਵਾਂ ਪਾਸਿਆਂਂ ਤੋਂ ਘੱਟੋ-ਘੱਟ 50 ਦੇ ਕਰੀਬ ਰਾਊਂਡ ਫਾਇਰ ਹੋਏ। ਮੁੱਠਭੇੜ ਪਿੱਛੋਂ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਗੈਂਗਸਟਰਾਂ ਦੀ ਗੋਲੀ ਲੱਗਣ ਕਾਰਨ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵਿੱਟਰ ਐਕਸ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੰਡਾ ਗੈਂਗ ਦੇ ਗੁਰਗੇ ਹਨ। ਉਨ੍ਹਾਂ ਦੱਸਿਆ ਕਿ ਮੁੱਠਭੇੜ ਵਿੱਚ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਵੀ ਗੋਲੀ ਲੱਗੀ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਬਰੀ ਵਸੂਲੀ ਅਤੇ ਹੋਰ ਕਈ ਅਪਰਾਧਿਕ ਗਤੀਵਿਧੀਆਂ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸਨ। ਜਿਨ੍ਹਾਂ ਕੋਲੋਂ 7 ਪਿਸਤੌਲਾਂ ਅਤੇ ਕਈ ਕਾਰਤੂਸ ਬਰਾਮਦ ਹੋਏ ਹਨ।
ਐਸਐਸਪੀ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਠਭੇੜ ਪਿੱਛੋਂ ਦੋ ਗੈਂਗਸਟਰਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਤਲ ਤੇ ਫਿਰੌਤੀ ਵਰਗੇ ਹੋਰ ਅਪਰਾਧਾਂ ਵਿੱਚ ਵੀ ਸ਼ਾਮਲ ਹਨ। ਇਹ ਇੱਕ ਥਾਂ ਤੋਂ ਦੂਜੀ ਥਾਂ 'ਤੇ ਸਿਫ਼ਟ ਹੁੰਦੇ ਰਹਿੰਦੇ ਸਨ, ਪਰ ਹੁਣ ਪੁਲਿਸ ਨੂੰ ਸੂਚਨਾ ਮਿਲੀ ਸੀ, ਜਿਸ 'ਤੇ ਇਨ੍ਹਾਂ ਨੂੰ ਮੁੱਠਭੇੜ ਪਿੱਛੋਂ ਫੜ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਗਏ ਹਥਿਆਰ ਇਹ ਪਹਿਲਾਂ ਵੀ ਵਾਰਦਾਤ 'ਚ ਗਏ ਹਨ ਤੇ ਅੱਗੇ ਵੀ ਵਰਤੇ ਜਾਣੇ ਸਨ।
ਵਿਦੇਸ਼ ਤੋਂ ਮਿਲ ਰਿਹਾ ਸੀ ਸਿੱਧਾ ਨਿਰਦੇਸ਼
ਸੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਗੈਂਗਸਟਰ ਸਿੱਧੇ ਤੌਰ 'ਤੇ ਲੰਡਾ ਦੇ ਸੰਪਰਕ ਵਿੱਚ ਸਨ ਅਤੇ ਆਪਣੇ ਵਿਰੋਧੀ ਗੈਂਗ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੇ ਸਨ।
ਫੜੇ ਗਏ ਵਿਅਕਤੀਆਂ ਦੀ ਪਛਾਣ ਜਸਕਰਨ ਉਰਫ ਕਰਨ ਉਰਫ ਕਰਨ ਵਾਸੀ ਭੀਖਾ ਨੰਗਲ ਕਰਤਾਰਪੁਰ ਅਤੇ ਫਗਵਾੜਾ ਦੇ ਮੇਹਲੀ ਗੇਟ ਸਥਿਤ ਮੁਹੱਲਾ ਥਾਣੇਦਾਰਾ ਦੇ ਰਹਿਣ ਵਾਲੇ ਫਤਿਹਦੀਪ ਸਿੰਘ ਉਰਫ ਪ੍ਰਦੀਪ ਸੈਣੀ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਨੂੰ ਥਾਣਾ ਸਦਰ, ਜਲੰਧਰ ਵਿਖੇ ਦਰਜ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।