ਜਲੰਧਰ 'ਚ ਵੱਡਾ ਹਾਦਸਾ, ਤੇਜ਼ ਰਫਤਾਰ ਕਾਰ ਨੇ 2 ਨੌਜਵਾਨ ਦਰੜੇ, ਦੋਸਤਾਂ ਨਾਲ ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸਨ ਮੱਥਾ ਟੇਕਣ

Jalandhar Car Accident : ਮ੍ਰਿਤਕ ਨੌਜਵਾਨਾਂ ਦੀ ਪਛਾਣ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ 33 ਸਾਲ ਵਾਸੀ ਅੰਮ੍ਰਿਤਸਰ ਅਤੇ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰਬਰ 7 ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ।

By  KRISHAN KUMAR SHARMA September 15th 2024 02:22 PM -- Updated: September 15th 2024 02:23 PM

Jalandhar News : ਸ੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨਾਲ ਜਲੰਧਰ ਰਸਤੇ 'ਚ ਵੱਡਾ ਹਾਦਸਾ ਵਾਪਰਿਆ ਹੈ, ਜਿਸ ਦੌਰਾਨ 2 ਨੌਜਵਾਨਾਂ  ਦੀ ਮੌਤ ਹੋ ਗਈ ਹੈ। ਹਾਦਸਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇੜੇ ਵਾਪਰਿਆ, ਜਿਸ ਦੌਰਾਨ ਇੱਕ ਤੇਜ਼ ਰਫਤਾਰ ਕਾਰ ਨੇ ਨੌਜਵਾਨਾਂ ਨੂੰ ਭਿਆਨਕ ਟੱਕਰ ਮਾਰ ਦਿੱਤਾ। ਨਤੀਜੇ ਵੱਜੋਂ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ।

ਜਾਣਕਾਰੀ ਅਨੁਸਾਰ ਇਹ 8 ਨੌਜਵਾਨ ਸ੍ਰੀ ਹੇਮਕੁੰਡ ਸਾਹਿਬ ਯਾਤਰਾ ਲਈ 2 ਗੱਡੀਆਂ ’ਚ ਸਵਾਰ ਹੋ ਕੇ ਸਵੇਰੇ ਘਰੋਂ ਚੱਲੇ ਸਨ। ਜਦ ਉਹ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਪਹੁੰਚੇ ਤਾਂ ਇੱਕ ਕਾਰ ਪੈਂਚਰ ਹੋ ਗਈ। ਇਸ ਦੌਰਾਨ 2 ਨੌਜਵਾਨ ਆਪਣੀ ਕਾਰ ਨੂੰ ਖੁਦ ਪੈਂਚਰ ਲਗਾ ਕੇ ਕਾਰ ਵਿੱਚ ਬੈਠਣ ਹੀ ਲੱਗੇ ਸਨ ਤਾਂ ਅੰਮ੍ਰਿਤਸਰ ਵਾਲੇ ਪਾਸੇ ਤੋਂ ਆਈ ਇੱਕ ਤੇਜ਼ ਰਫਤਾਰ ਕਾਰ ਨੇ ਨੌਜਵਾਨਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ। ਨਤੀਜੇ ਵਜੋਂ ਇੱਕ ਨੌਜਵਾਨ ਹਰਮਨ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੂਜੇ ਸ਼ੌਕੀ ਭਾਟੀਆ ਦੀ ਹਸਪਤਾਲ 'ਚ ਮੌਤ ਹੋ ਗਈ।

ਮ੍ਰਿਤਕ ਨੌਜਵਾਨਾਂ ਦੀ ਪਛਾਣ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ 33 ਸਾਲ ਵਾਸੀ ਅੰਮ੍ਰਿਤਸਰ ਅਤੇ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰਬਰ 7 ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ। ਸ਼ੌਕੀ ਭਾਟੀਆ ਕੱਪੜੇ ਸਿਲਾਈ ਦਾ ਕਾਰੋਬਾਰ ਕਰਦਾ ਸੀ, ਜਦਕਿ ਹਰਮਨ ਸਿੰਘ ਕਿਸ਼ਤਾਂ 'ਤੇ ਸਮਾਨ ਦੇਣ ਦਾ ਵਪਾਰ ਕਰਦਾ ਸੀ।

ਨੌਜਵਾਨਾਂ ਦੀ ਮੌਤ ਦੀ ਖ਼ਬਰ ਨਾਲ ਪਰਿਵਾਰਾਂ 'ਚ ਸੋਗ ਪਾਇਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਦੇ ਚਾਚਾ ਗੁਰਮੱਖ ਸਿੰਘ ਰਾਜੂ ਭਾਟੀਆ ਅਤੇ ਰਿਸ਼ਤੇਦਾਰ ਲਵ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜ ਰਫਤਾਰ ਗੱਡੀ ਨੇ ਦੋ ਨੌਜਵਾਨਾਂ ਨੂੰ ਦਰੜ ਕੇ ਉਨ੍ਹਾਂ ਦੀ ਜਾਨ ਲੈ ਲਈ ਹੈ, ਜਿਸ ਨਾਲ ਉਨ੍ਹਾਂ ਦਾ ਘਰ ਉਜੜ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲੇ ਦੋਵੇਂ ਨੌਜਵਾਨ ਸ਼ਰਾਬੀ ਹਾਲਤ ’ਚ ਸਨ ਅਤੇ ਉਨ੍ਹਾਂ ਦੀ ਗੱਡੀ ਵਿਚੋਂ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਮਿਲੀਆਂ ਹਨ। ਸੂਚਨਾ ਮਿਲਣ 'ਤੇ ਮੌਕੇ ਉਪਰ ਪਹੁੰਚੀ ਪੁਲਿਸ ਪਾਰਟੀ ਨੇ ਦੋਵਾਂ ਮੁਲਜ਼ਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾ ਨੂੰ ਕਬਜੇ ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post