ਜਗਤਾਰ ਸਿੰਘ ਹਵਾਰਾ ਦੀ ਸੁਰੱਖਿਆ ਕਾਰਨਾਂ ਕਰਕੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਨਹੀਂ ਹੋਵੇਗੀ ਪੇਸ਼ੀ
ਚੰਡੀਗੜ੍ਹ: ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਇੱਕ ਮਾਮਲੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸੀ ਪਰ ਹੁਣ ਜਗਤਾਰ ਸਿੰਘ ਹਵਾਰਾ ਦੀ ਜ਼ਿਲ੍ਹਾ ਅਦਾਲਤ ਚ ਪੇਸ਼ੀ ਨਹੀਂ ਹੋਵੇਗੀ। ਦੱਸ ਦਈਏ ਕਿ ਤਕਰੀਬਨ 35 ਸਾਲ ਪੁਰਾਣੇ ਮਾਮਲੇ ਵਿੱਚ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਦੇ ਹੁਕਮ ਜਾਰੀ ਕੀਤੇ ਗਏ ਸੀ।
ਤਾਜ਼ਾ ਜਾਣਕਾਰੀ ਮੁਤਾਬਿਕ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਕੋਰਟ ਵਿੱਚ ਸਰਕਾਰੀ ਵਕੀਲ ਨੇ ਜਾਣਕਾਰੀ ਦਿੱਤੀ। ਸਰਕਾਰੀ ਵਕੀਲ ਵੱਲੋਂ ਕਿਹਾ ਗਿਆ ਹੈ ਕਿ ਸੁਰੱਖਿਆ ਦੇ ਕਾਰਨਾਂ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ ਅਤੇ ਇਸਦਾ ਟ੍ਰਾਈਲ ਵੀਡੀਓ ਕਾਨਫਰੰਸਿੰਗ ਦੇ ਜਰੀਏ ਕੀਤਾ ਜਾਵੇ।
ਜਗਤਾਰ ਸਿੰਘ ਹਵਾਰਾ ਨੇ ਵਕੀਲਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਲਾਰੈਂਸ ਬਿਸ਼ਨੋਈ ਵਰਗੇ ਖੁੰਖਾਰ ਗੈਂਗਸਟਰ ਨੂੰ ਪੰਜਾਬ ਦੇ ਵੱਖ ਵੱਖ ਕੋਰਟ ਵਿੱਚ ਲੈ ਕੇ ਜਾਇਆ ਜਾ ਸਕਦਾ ਹੈ ਤਾਂ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਿਉਂ ਨਹੀਂ ਕੀਤਾ ਜਾ ਸਕਦਾ
ਇਹ ਵੀ ਦਲੀਲ ਦਿੱਤੀ ਗਈ ਕਿ ਜੇਕਰ ਚੰਡੀਗੜ੍ਹ ਪੁਲਿਸ ਹਵਾਰਾ ਨੂੰ ਪੇਸ਼ ਨਹੀਂ ਕਰ ਸਕਦੀ ਤਾਂ ਕੇਸ ਨੂੰ ਵਾਪਸ ਲੈ ਲਵੇ। ਵਕੀਲਾਂ ਨੇ ਕਿਹਾ ਹੈ ਕਿ ਇਹ ਕੇਸ ਬੇਅੰਤ ਸਿੰਘ ਕਤਲਕਾਂਡ ਤੋਂ ਜਿਆਦਾ ਗੰਭੀਰ ਤਾਂ ਨਹੀਂ ਹੈ ਇਸ ਲਈ ਹਵਾਰਾ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇ ਅਤੇ ਕੇਸ ਦਾ ਟ੍ਰਾਈਲ ਵੀਡੀਓ ਕਾਨਫਰੰਸ ਦੇ ਜਰੀਏ ਨਾ ਹੋਵੇ। ਫਿਲਹਾਲ ਅਦਾਲਤ ਦਾ ਫੈਸਲਾ ਦੁਪਹਿਰ ਬਾਅਦ ਆਵੇਗਾ।
ਜਗਤਾਰ ਸਿੰਘ ਹਵਾਰਾ ਦੇ ਵਕੀਲਾਂ ਵੱਲੋਂ ਕਿਹਾ ਗਿਆ ਸੀ ਕਿ ਹਵਾਰਾ ਦੇ ਖਿਲਾਫ ਤਿਹਾੜ ਜੇਲ੍ਹ ਚ ਸਭ ਮਾਮਲੇ ਖਤਮ ਹੋ ਚੁੱਕੇ ਹਨ ਇਸ ਲਈ ਉਸ ਨੂੰ ਤਿਹਾੜ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਕਿ ਉਸਦੇ ਖਿਲਾਫ ਟ੍ਰਾਇਲ ਚਲ ਸਕੇ।
ਦੂਜੇ ਪਾਸੇ ਐਂਟੀ ਟੇਰੇਰਿਸਟ ਫਰੰਟ ਇੰਡੀਆ ਹਵਾਰਾ ਨੂੰ ਦਿੱਲੀ ਤੋਂ ਚੰਡੀਗੜ੍ਹ ਸ਼ਿਫਟ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਵਾਰਾ ਨੂੰ ਪੰਜਾਬ ਲਿਜਾਇਆ ਗਿਆ ਤਾਂ ਪੰਜਾਬ ਵਿੱਚ ਹਾਲਾਤ ਵਿਗੜ ਸਕਦੇ ਹਨ। ਇਹ ਵੀ ਦਲੀਲ ਦਿੱਤੀ ਗਈ ਹੈ ਕਿ ਵੀਡੀਓ ਕਾਨਫਰੰਸਿੰਗ ਜ਼ਰੀਏ ਹਵਾਰਾ ਦੀ ਅਦਾਲਤ ਵਿੱਚ ਪੇਸ਼ੀ ਕੀਤੀ ਜਾਵੇ। ਇਸ ਸਬੰਧਿਤ ਇੱਕ ਅਰਜੀ ਵੀ ਅੱਜ ਜ਼ਿਲ੍ਹਾ ਅਦਾਲਤ ਵਿੱਚ ਦਾਖਲ ਕਰਵਾਈ ਜਾਵੇਗੀ।
-ਰਿਪੋਰਟਰ ਨੇਹਾ ਸ਼ਰਮਾ ਦੇ ਸਹਿਯੋਗ ਨਾਲ
ਇਹ ਵੀ ਪੜੋ: ਪੰਜਾਬ ’ਚ ਫਿਰੌਤੀ ਲਈ ਇੱਕ ਹੋਰ ਕਤਲ: 20 ਸਾਲਾ ਹਰਮਨ ਸਿੰਘ ਦਾ ਅਗਵਾਕਾਰਾਂ ਨੇ ਕੀਤਾ ਕਤਲ