ਜਗਤਾਰ ਸਿੰਘ ਹਵਾਰਾ ਵੱਲੋਂ ਕਿਸਾਨ ਆਗੂਆਂ ਨੂੰ ਕੌਮੀ ਇਨਸਾਫ਼ ਮੋਰਚੇ ਨਾਲ ਖੜਨ ਦੀ ਅਪੀਲ

By  Jasmeet Singh August 7th 2023 02:04 PM

ਚੰਡੀਗੜ੍ਹ: ਸਾਲ ਦੀ ਸ਼ੁਰੂਆਤ 'ਚ 7 ਜਨਵਰੀ ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਕੌਮੀ ਇਨਸਾਫ਼ ਮੋਰਚਾ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਜੁੜੀਆਂ 3 ਹੱਕੀ ਮੰਗਾਂ ਨੂੰ ਲੈਕੇ ਲਗਾਤਾਰ ਸੰਘਰਸ਼ ਚਲ ਰਿਹਾ ਹੈ। ਇਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਣ ਤੇ ਸਖਤ ਸਜ਼ਾਵਾਂ ਲਈ ਕਾਨੂੰਨ ਬਣਾਉਣ ਦੀ, ਕੋਟਕਪੁਰਾ ਗੋਲੀ ਕਾਂਡ ਵਿੱਚ ਕਤਲ ਦੇ ਮਾਮਲੇ ਵਿੱਚ ਸ਼ਾਮਿਲ ਪੁਲਿਸ ਅਤੇ ਰਾਜਨੀਤਕਾਂ ਨੂੰ ਕੇਸ ਵਿੱਚ ਨਾਮਜ਼ਦ ਕਰਨ ਅਤੇ 28 ਸਾਲਾਂ ਤੋਂ ਵਧੇਰੇ ਸਜਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਮੁੱਖ ਮਸਲੇ ਹਨ। 

ਦਿੱਲੀ ਜੇਲ੍ਹ ਵਿੱਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਲਗਾਤਾਰ ਇਸ ਮੋਰਚੇ ਨੂੰ ਸਲਾਹ, ਆਦੇਸ਼ ਅਤੇ ਸੰਗਤਾਂ ਨੂੰ ਆਪਣੇ ਮੁਲਾਕਾਤੀ ਅਤੇ ਵਕੀਲਾਂ ਜ਼ਰੀਏ ਬੇਨਤੀਆਂ ਕਰਦੇ ਰਹੇ ਹਨ। ਕੌਮੀ ਇਨਸਾਫ਼ ਮੋਰਚੇ ਵੱਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਨਾਲ ਮਿਲ ਕੇ 25 ਜੁਲਾਈ ਨੂੰ 15 ਅਗਸਤ ਨੂੰ ਇਨ੍ਹਾਂ ਮਸਲਿਆਂ ਉੱਤੇ ਅਤੇ ਸਿੱਖਾਂ ਨਾਲ ਹੋ ਰਹੀਆਂ ਹੋਰ ਵਧੀਕੀਆਂ ਕਰਕੇ ਆਜ਼ਾਦੀ ਦਿਹਾੜੇ ਵਾਲੇ ਦਿਨ ਚੰਡੀਗੜ੍ਹ ਵਿੱਚ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। 

ਭਾਈ ਜਗਤਾਰ ਸਿੰਘ ਹਵਾਰਾ ਵਲੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਇਸ ਮੋਰਚੇ ਦਾ ਸਮਰਥਨ ਕਰ ਰਹੀਆਂ ਹਨ, ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮੁੜ ਬੇਨਤੀ ਕੀਤੀ ਹੈ ਕਿ ਪੰਜਾਬ ਅਤੇ ਦੇਸ਼ ਦਾ ਕਿਸਾਨ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜਿਆ ਹੋਇਆ ਹੈ। ਪੰਥ ਦਾ ਵੱਡਾ ਹਿੱਸਾ ਖੇਤੀ ਕਰਦੇ ਕਿਸਾਨ ਅਤੇ ਮਜ਼ਦੂਰ ਹਨ। ਉਨਾਂ ਜੇਲ੍ਹ ਵਿੱਚੋਂ ਸੁਨੇਹਾ ਭੇਜਿਆ ਹੈ ਕਿ ਸਾਰੇ ਕਿਸਾਨ ਆਗੂਆਂ ਨੂੰ ਸਿਰ ਜੋੜ ਕੇ ਇਸ ਸੰਕਟ ਦੀ ਘੜੀ ਵਿੱਚ ਕੌਮੀ ਇਨਸਾਫ ਮੋਰਚੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। 

ਉਨਾਂ ਕਿਹਾ ਅੱਜ ਪੰਜਾਬ ਦਾ ਹਰ ਵਰਗ ਸਰਕਾਰਾਂ ਨੇ ਝੰਭ ਸੁੱਟਿਆ ਹੈ ਲੋਕਾਂ ਦੇ ਏਕੇ ਬਗੈਰ ਕੋਈ ਵੀ ਜੰਗ ਜਿੱਤੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਇਸ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਅੱਜ ਦੀ ਪ੍ਰੈਸ ਕਾਨਫਰੰਸ ਵਿਚ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ, ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਨੇ ਕਿਸਾਨੀ ਅੰਦੋਲਨ ਨਾਲ ਜੁੜੇ ਰਹੇ ਰੇਸ਼ਮ ਸਿੰਘ ਬਡਾਲੀ, ਰਵਿੰਦਰ ਸਿੰਘ ਵਜੀਦਪੁਰ, ਬਲਜੀਤ ਸਿੰਘ ਭਾਊ ਜਿਹੜੇ ਵੱਖ ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਹਨ ਸਾਂਝੀ ਪ੍ਰੈਸ ਮਿਲਣੀ ਕਰਕੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਸਾਰੇ ਸਿੱਖ ਆਗੂਆਂ ਅਤੇ ਪੰਜਾਬ ਵਾਸੀਆਂ ਤੱਕ ਪਹੁੰਚਾਇਆ।

Related Post