Jagdish Tytler Convicted : 1984 ਸਿੱਖ ਕਤਲੇਆਮ ਮਾਮਲੇ 'ਚ ਜਗਦੀਸ਼ ਟਾਈਟਲਰ ਦੋਸ਼ੀ ਕਰਾਰ

1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੱਸ ਦਈਏ ਕਿ ਗੁਰਦੁਆਰਾ ਪੁਲਬੰਗਸ਼ ਨੇੜੇ 3 ਸਿੱਖਾਂ ਦੇ ਕਤਲ ਹੋਇਆ ਸੀ।

By  Dhalwinder Sandhu August 30th 2024 03:16 PM -- Updated: August 30th 2024 03:38 PM

Jagdish Tytler Convicted : 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ’ਚ ਦਿੱਲੀ ਕੋਰਟ ਨੇ ਜਗਦੀਸ਼ ਟਾਈਟਲਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਤੋਂ ਪਹਿਲਾਂ 19 ਜੁਲਾਈ ਨੂੰ ਜਗਦੀਸ਼ ਟਾਈਟਲਰ ਖਿਲਾਫ ਦੋਸ਼ ਆਇਦ ਕਰਨ ਦੇ ਮਾਮਲੇ 'ਤੇ ਫੈਸਲਾ ਰਾਖਵਾਂ ਰੱਖਿਆ ਗਿਆ ਸੀ। 

ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਜਗਦੀਸ਼ ਟਾਈਟਲਰ ਵੱਲੋਂ ਪੇਸ਼ ਹੋਏ ਵਕੀਲ ਮਨੂ ਸ਼ਰਮਾ ਨੇ ਕਿਹਾ ਸੀ ਕਿ ਸੀਬੀਆਈ ਨੇ ਇਸ ਮਾਮਲੇ ਵਿੱਚ ਦੋ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਸਨ। 2009 ਵਿੱਚ ਸਹਿ-ਮੁਲਜ਼ਮ ਸੁਰੇਸ਼ ਕੁਮਾਰ ਪੰਨੇਵਾਲਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਿਸ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਮਨੂ ਸ਼ਰਮਾ ਨੇ ਕਿਹਾ ਕਿ ਇਸ ਕੇਸ ਵਿੱਚ 1984 ਤੋਂ 2022-23 ਤੱਕ ਕੋਈ ਗਵਾਹ ਨਹੀਂ ਸੀ। ਇੰਨੇ ਲੰਬੇ ਸਮੇਂ ਬਾਅਦ ਪੇਸ਼ ਹੋਏ ਗਵਾਹਾਂ 'ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ? ਮਨੂ ਸ਼ਰਮਾ ਨੇ ਇਸ ਮਾਮਲੇ ਵਿੱਚ ਜਗਦੀਸ਼ ਟਾਈਟਲਰ ਨੂੰ ਬਰੀ ਕਰਨ ਦੀ ਮੰਗ ਵੀ ਕੀਤੀ ਸੀ।

ਇਸ ਦੇ ਨਾਲ ਹੀ ਜਗਦੀਸ਼ ਟਾਈਟਲਰ ਦੀ ਤਰਫੋਂ ਗੁਰਪਤਵੰਤ ਪੰਨੂ ਦਾ ਨਾਂ ਲੈਂਦਿਆਂ ਕਿਹਾ ਗਿਆ ਕਿ ਕਿਉਂਕਿ ਪੰਨੂ ਗਵਾਹਾਂ ਦਾ ਵਕੀਲ ਸੀ ਅਤੇ ਉਸ ਨੂੰ ਭਾਰਤ ਵੱਲੋਂ ਅੱਤਵਾਦੀ ਐਲਾਨਿਆ ਗਿਆ ਸੀ, ਇਸ ਲਈ ਜਗਦੀਸ਼ ਟਾਈਟਲਰ ਵਿਰੁੱਧ ਕੇਸ ਚਲਾਉਣ ਦੀ ਕੋਈ ਤੁਕ ਨਹੀਂ ਬਣਦੀ। ਉਸ ਨੂੰ ਬਰੀ ਕਰ ਦੇਣਾ ਚਾਹੀਦਾ ਹੈ।

16 ਅਪ੍ਰੈਲ ਨੂੰ ਬਹਿਸ ਹੋਈ ਸੀ ਪੂਰੀ

ਇਸ ਮਾਮਲੇ 'ਚ ਸੀਬੀਆਈ ਨੇ 16 ਅਪ੍ਰੈਲ ਨੂੰ ਦੋਸ਼ ਤੈਅ ਕਰਨ 'ਤੇ ਬਹਿਸ ਪੂਰੀ ਕਰ ਲਈ ਸੀ। 4 ਅਗਸਤ 2023 ਨੂੰ ਰੌਜ਼ ਐਵੇਨਿਊ ਦੀ ਸੈਸ਼ਨ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ 26 ਜੁਲਾਈ 2023 ਨੂੰ ਜਗਦੀਸ਼ ਟਾਈਟਲਰ ਵਿਰੁੱਧ ਦਾਇਰ ਚਾਰਜਸ਼ੀਟ ਦਾ ਨੋਟਿਸ ਲਿਆ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ ਟਾਈਟਲਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 147, 109 ਅਤੇ 302 ਤਹਿਤ ਕੇਸ ਦਰਜ ਕੀਤਾ ਹੈ। 

3 ਸਿੱਖਾਂ ਦੀ ਹੋਈ ਸੀ ਮੌਤ

ਸੀਬੀਆਈ ਮੁਤਾਬਕ ਜਗਦੀਸ਼ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਭੀੜ ਨੇ ਪੁਲਬੰਗਸ਼ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਸੀ। ਦੱਸ ਦਈਏ ਕਿ ਇਸ ਅਗਨੀ ਕਾਂਡ ਦੌਰਾਨ 3 ਸਿੱਖਾਂ ਦੀ ਮੌਤ ਹੋ ਗਈ ਸੀ ਤੇ ਇਹ ਘਟਨਾ 1 ਨਵੰਬਰ 1984 'ਚ ਵਾਪਰੀ ਸੀ।

ਇਹ ਵੀ ਪੜ੍ਹੋ : Farmers Protest : ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ 'ਤੇ ਭਲਕੇ 3 ਬਾਰਡਰਾਂ 'ਤੇ ਇਕੱਠੇ ਹੋਣਗੇ ਕਿਸਾਨ, ਵਿਨੇਸ਼ ਫੋਗਾਟ ਦਾ ਕੀਤਾ ਜਾਵੇਗਾ ਸਨਮਾਨ

Related Post