Istanbul Explosion: ਬੰਬ ਧਮਾਕੇ ਮਾਮਲੇ 'ਚ ਸ਼ੱਕੀ ਗ੍ਰਿਫਤਾਰ, 6 ਦੀ ਮੌਤ, 81 ਜ਼ਖਮੀ
ਤੁਰਕੀ : ਤੁਰਕੀ ਦੇ ਇਸਤਾਂਬੁਲ 'ਚ ਹੋਏ ਵੱਡੇ ਆਤਮਘਾਤੀ ਹਮਲੇ 'ਚ ਸ਼ਾਮਿਲ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਏਜੰਸੀ ਦੇ ਅਨੁਸਾਰ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਸੋਮਵਾਰ ਨੂੰ ਕਿਹਾ ਕਿ ਇਸਤਾਂਬੁਲ ਵਿੱਚ ਬੰਬ ਧਮਾਕਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਦੀ ਸ਼ਾਮ ਨੂੰ ਇਸਤਾਂਬੁਲ ਦੇ ਮੱਧ 'ਚ ਇਕ ਇਲਾਕੇ 'ਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 81 ਲੋਕ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਅਲ ਜਜ਼ੀਰਾ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਕਿ ਹਮਲੇ 'ਚ ਤਿੰਨ ਲੋਕ ਸ਼ਾਮਲ ਸਨ, ਜਿਨ੍ਹਾਂ 'ਚੋਂ ਇਕ ਔਰਤ ਅਤੇ ਦੋ ਨੌਜਵਾਨ ਹਨ।
ਹਮਲੇ ਤੋਂ ਬਾਅਦ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ। ਇਸ 'ਚ ਧਮਾਕੇ ਵਾਲੀ ਥਾਂ 'ਤੇ ਗਲੀ ਦੇ ਅੰਦਰ ਬੈਗ ਸੁੱਟ ਕੇ ਇਕ ਸ਼ੱਕੀ ਔਰਤ ਨੂੰ ਬਾਹਰ ਨਿਕਲਦੇ ਦੇਖਿਆ ਗਿਆ। ਕੁਝ ਮਿੰਟਾਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਸ ਬੈਗ ਵਿੱਚ ਬੰਬ ਸੀ।
ਪੁਲਿਸ ਮੁਤਾਬਕ ਇਹ ਧਮਾਕਾ ਐਤਵਾਰ ਸ਼ਾਮ ਕਰੀਬ 4.15 ਵਜੇ ਇਸਤੀਕਲਾਲ ਸਟਰੀਟ 'ਚ ਹੋਇਆ। ਧਮਾਕੇ ਦੇ ਸਮੇਂ ਉੱਥੇ ਭਾਰੀ ਭੀੜ ਸੀ। ਧਮਾਕੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਔਰਤ 'ਤੇ ਧਮਾਕਾ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਉਹ ਕੁਰਦਿਸਤਾਨ ਵਰਕਰਜ਼ ਪਾਰਟੀ ਦੀ ਮੈਂਬਰ ਹੈ। ਇਹ ਕੁਰਦਿਸ਼ ਕੱਟੜਪੰਥੀ ਖੱਬੇਪੱਖੀ ਸੰਗਠਨ ਹੈ।