Israel Airstrike in Gaza : ਇਜਰਾਈਲ ਦਾ ਗਾਜਾ ਤੇ ਵੱਡਾ ਹਮਲਾ, ਹਮਾਸ ਮੰਤਰੀ ਤੇ ਬ੍ਰਿਗੇਡੀਅਰ ਸਮੇਤ 200 ਲੋਕਾਂ ਦੀ ਮੌਤ
Israel Hamas War : ਇਜ਼ਰਾਈਲ ਦਾ ਇਹ ਹਮਲਾ ਪਿਛਲੇ 15 ਮਹੀਨਿਆਂ ਵਿੱਚ ਸਭ ਤੋਂ ਭਿਆਨਕ ਹਮਲਿਆਂ ਵਿੱਚੋਂ ਇੱਕ ਹੈ। ਇਸ ਹਮਲੇ ਨਾਲ ਗਾਜ਼ਾ ਵਿੱਚ 57 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮੁੜ ਖੂਨੀ ਖੇਡ ਸ਼ੁਰੂ ਹੋ ਗਈ ਹੈ।

Israel Airstrike in Gaza : ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ ਪੱਟੀ ਵਿੱਚ ਵੱਡਾ ਹਵਾਈ ਹਮਲਾ ਕੀਤਾ ਹੈ। ਮੰਗਲਵਾਰ (18 ਮਾਰਚ) ਦੀ ਸਵੇਰ ਨੂੰ ਇਜ਼ਰਾਈਲੀ ਹਵਾਈ ਹਮਲੇ ਨੇ ਪੂਰੀ ਗਾਜ਼ਾ ਪੱਟੀ ਨੂੰ ਹਿਲਾ ਕੇ ਰੱਖ ਦਿੱਤਾ। ਇਜ਼ਰਾਈਲ ਦਾ ਇਹ ਹਮਲਾ ਪਿਛਲੇ 15 ਮਹੀਨਿਆਂ ਵਿੱਚ ਸਭ ਤੋਂ ਭਿਆਨਕ ਹਮਲਿਆਂ ਵਿੱਚੋਂ ਇੱਕ ਹੈ। ਇਸ ਹਮਲੇ ਨਾਲ ਗਾਜ਼ਾ ਵਿੱਚ 57 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮੁੜ ਖੂਨੀ ਖੇਡ ਸ਼ੁਰੂ ਹੋ ਗਈ ਹੈ। ਇਜ਼ਰਾਈਲ ਦੇ ਤਾਜ਼ਾ ਹਮਲਿਆਂ ਵਿੱਚ ਹਮਾਸ ਦੇ ਇੱਕ ਮੰਤਰੀ ਅਤੇ ਇੱਕ ਬ੍ਰਿਗੇਡੀਅਰ ਸਮੇਤ 200 ਤੋਂ ਵੱਧ ਲੋਕ ਮਾਰੇ ਗਏ ਹਨ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (PM Benjamin Netanyahu) ਨੇ ਕਿਹਾ ਕਿ ਉਨ੍ਹਾਂ ਨੇ ਜੰਗਬੰਦੀ ਨੂੰ ਅੱਗੇ ਵਧਾਉਣ ਲਈ ਗੱਲਬਾਤ ਵਿੱਚ ਪ੍ਰਗਤੀ ਦੀ ਘਾਟ ਕਾਰਨ ਹਮਲਿਆਂ ਦਾ ਹੁਕਮ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਮੁਹਿੰਮ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਫੈਲਣ ਦੀ ਉਮੀਦ ਹੈ। ਨੇਤਨਯਾਹੂ ਦੇ ਦਫਤਰ ਨੇ ਕਿਹਾ, 'ਇਸਰਾਈਲ ਹੁਣ ਤੋਂ ਫੌਜੀ ਸ਼ਕਤੀ ਵਧਾ ਕੇ ਹਮਾਸ (Israel Hamas War) ਖਿਲਾਫ ਕਾਰਵਾਈ ਕਰੇਗਾ।'
ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ, ਡੈਨੀ ਡੈਨਨ ਨੇ ਸੁਰੱਖਿਆ ਪ੍ਰੀਸ਼ਦ ਦੀ ਆਗਾਮੀ ਮੀਟਿੰਗ ਤੋਂ ਪਹਿਲਾਂ ਟਵਿੱਟਰ 'ਤੇ ਇੱਕ ਪੋਸਟ ਵਿੱਚ ਗਾਜ਼ਾ 'ਤੇ ਹਵਾਈ ਹਮਲੇ ਦਾ ਬਚਾਅ ਕੀਤਾ। ਉਨ੍ਹਾਂ ਲਿਖਿਆ, 'ਇਜਰਾਈਲੀ ਹਵਾਈ ਸੈਨਾ ਨੇ ਗਾਜ਼ਾ 'ਚ ਹਮਾਸ ਦੇ ਟਿਕਾਣਿਆਂ 'ਤੇ ਕਈ ਹਮਲੇ ਕੀਤੇ। ਅਸੀਂ ਆਪਣੇ ਦੁਸ਼ਮਣਾਂ ਉੱਤੇ ਕੋਈ ਰਹਿਮ ਨਹੀਂ ਕਰਾਂਗੇ। ਮੈਂ ਇਸਨੂੰ ਬਹੁਤ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ। ਇਜ਼ਰਾਈਲ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਤੱਕ ਸਾਡੇ ਸਾਰੇ ਬੰਧਕ ਘਰ ਨਹੀਂ ਪਰਤਦੇ।
ਇਜ਼ਰਾਈਲ ਨੇ ਮੰਗਲਵਾਰ ਤੜਕੇ 2 ਵਜੇ ਆਪਣਾ ਹਵਾਈ ਹਮਲਾ ਸ਼ੁਰੂ ਕੀਤਾ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਜ਼ਰਾਇਲੀ ਟੈਂਕ ਖਾਨ ਯੂਨਿਸ ਦੇ ਅਬਾਸਾਨ ਸ਼ਹਿਰ ਦੇ ਪੂਰਬੀ ਇਲਾਕਿਆਂ 'ਚ ਗੋਲਾਬਾਰੀ ਕਰ ਰਹੇ ਹਨ।
ਗਾਜ਼ਾ ਸਰਕਾਰ ਦੇ ਮੀਡੀਆ ਦਫ਼ਤਰ ਦੀ ਰਿਪੋਰਟ ਮੁਤਾਬਕ ਇਸਰਾਈਲੀ ਹਮਲੇ ਵਿੱਚ ਗਾਜ਼ਾ ਦੇ ਵੱਖ-ਵੱਖ ਇਲਾਕਿਆਂ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਹਨ। ਇਜ਼ਰਾਇਲੀ ਹਮਲੇ ਤੋਂ ਹਮਾਸ ਗੁੱਸੇ 'ਚ ਹੈ। ਹਮਾਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਨੇਤਨਯਾਹੂ ਅਤੇ ਉਸਦੀ ਕੱਟੜਪੰਥੀ ਸਰਕਾਰ ਜੰਗਬੰਦੀ ਸਮਝੌਤੇ ਨੂੰ ਉਲਟਾਉਣ ਦਾ ਫੈਸਲਾ ਕਰ ਰਹੀ ਹੈ, ਜਿਸ ਨਾਲ ਗਾਜ਼ਾ ਵਿੱਚ ਕੈਦੀਆਂ ਦਾ ਭਵਿੱਖ ਅਨਿਸ਼ਚਿਤ ਹੋ ਜਾਵੇਗਾ।
ਹੁਣ ਤੱਕ ਕਿੰਨੇ ਲੋਕਾਂ ਦੀ ਹੋਈ ਮੌਤ ?
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਹੁਣ ਤੱਕ 131 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ ਦੱਖਣੀ ਗਾਜ਼ਾ ਪੱਟੀ ਵਿਚ ਖਾਨ ਯੂਨਿਸ ਵਿਚ 77 ਲੋਕ ਮਾਰੇ ਗਏ ਅਤੇ ਗਾਜ਼ਾ ਪੱਟੀ ਦੇ ਉੱਤਰ ਵਿਚ ਗਾਜ਼ਾ ਸ਼ਹਿਰ ਵਿਚ ਘੱਟੋ-ਘੱਟ 20 ਲੋਕ ਮਾਰੇ ਗਏ।
ਇਜ਼ਰਾਈਲ ਨੇ ਜੰਗਬੰਦੀ ਨੂੰ ਅਜਿਹੇ ਸਮੇਂ ਤੋੜਿਆ ਹੈ ਜਦੋਂ ਅਮਰੀਕਾ, ਯਮਨ ਦੇ ਹੂਤੀ ਬਾਗੀਆਂ 'ਤੇ ਹਮਲੇ ਕਰ ਰਿਹਾ ਹੈ।