Israel Hamas War : ਗਾਜ਼ਾ ਮਸਜਿਦ 'ਤੇ ਇਜ਼ਰਾਈਲ ਦਾ ਹਮਲਾ, 18 ਦੀ ਮੌਤ, 2 ਜ਼ਖਮੀ

ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਚੱਲ ਰਿਹਾ ਵਿਵਾਦ ਕਦੋਂ ਖਤਮ ਹੋਵੇਗਾ? ਇਹ ਕੋਈ ਨਹੀਂ ਜਾਣਦਾ। ਦੋਵਾਂ ਦੇਸ਼ਾਂ ਵਿਚਾਲੇ ਲਗਭਗ ਇਕ ਸਾਲ ਤੋਂ ਜੰਗ ਚੱਲ ਰਹੀ ਹੈ, ਦੋਵੇਂ ਦੇਸ਼ ਇਕ ਦੂਜੇ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਹੁਣ ਇਜ਼ਰਾਈਲ ਨੇ ਇਕ ਵਾਰ ਫਿਰ ਮੱਧ ਗਾਜ਼ਾ ਵਿਚ ਇਕ ਮਸਜਿਦ 'ਤੇ ਹਵਾਈ ਹਮਲਾ ਕੀਤਾ, ਜਿਸ ਵਿਚ 18 ਲੋਕਾਂ ਦੀ ਮੌਤ ਹੋ ਗਈ।

By  Dhalwinder Sandhu October 6th 2024 01:24 PM

Israel Hamas War : ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਦੋਵਾਂ ਪਾਸਿਆਂ ਤੋਂ ਲਗਾਤਾਰ ਹਮਲੇ ਹੋ ਰਹੇ ਹਨ। ਹੁਣ ਕੇਂਦਰੀ ਗਾਜ਼ਾ ਵਿੱਚ ਇੱਕ ਹੋਰ ਇਜ਼ਰਾਈਲੀ ਹਮਲਾ ਹੋਇਆ ਹੈ। ਐਤਵਾਰ ਤੜਕੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਲ-ਅਕਸਾ ਸ਼ਹੀਦ ਹਸਪਤਾਲ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 'ਦੀਰ ਅਲ-ਬਾਲਾ' ਸ਼ਹਿਰ 'ਚ ਸਥਿਤ ਹਸਪਤਾਲ ਦੇ ਨੇੜੇ ਮਸਜਿਦ 'ਚ ਸ਼ਰਨ ਲੈਣ ਵਾਲੇ ਬੇਘਰ ਹੋਏ ਲੋਕਾਂ 'ਤੇ ਹਮਲਾ ਕੀਤਾ ਗਿਆ।

ਰਿਪੋਰਟਾਂ ਦੇ ਅਨੁਸਾਰ, ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਗਿਣਿਆ ਗਿਆ ਸੀ। ਹਸਪਤਾਲ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਮਰਨ ਵਾਲੇ ਸਾਰੇ ਮਰਦ ਸਨ। 18 ਮੌਤਾਂ ਤੋਂ ਇਲਾਵਾ 2 ਲੋਕ ਗੰਭੀਰ ਜ਼ਖਮੀ ਹੋਏ ਹਨ। ਹਾਲਾਂਕਿ ਮਸਜਿਦ 'ਤੇ ਹੋਏ ਇਸ ਹਮਲੇ ਨੂੰ ਲੈ ਕੇ ਅਜੇ ਤੱਕ ਇਜ਼ਰਾਇਲੀ ਫੌਜ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਫਲਸਤੀਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਨ੍ਹਾਂ ਤਾਜ਼ਾ ਹਮਲਿਆਂ ਕਾਰਨ ਗਾਜ਼ਾ ਵਿੱਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ ਹੁਣ 42,000 ਦੇ ਨੇੜੇ ਪਹੁੰਚ ਗਈ ਹੈ। ਹਾਲਾਂਕਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ 'ਚੋਂ ਕਿੰਨੇ ਨਾਗਰਿਕ ਅਤੇ ਅੱਤਵਾਦੀ ਸਨ ਪਰ ਮਰਨ ਵਾਲਿਆਂ 'ਚ ਕਈ ਔਰਤਾਂ ਅਤੇ ਬੱਚੇ ਸ਼ਾਮਲ ਹਨ।

ਜੰਗ ਕਦੋਂ ਸ਼ੁਰੂ ਹੋਈ?

ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਇਹ ਜੰਗ ਜਾਰੀ ਹੈ। ਹੁਣ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਜੰਗ ਨੂੰ ਇੱਕ ਸਾਲ ਹੋ ਗਿਆ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਇਸ ਜੰਗ ਵਿੱਚ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਬੇਕਸੂਰ ਜਾਨਾਂ ਜਾ ਚੁੱਕੀਆਂ ਹਨ। ਲੋਕਾਂ ਦੇ ਘਰ ਤਬਾਹ ਹੋ ਗਏ ਹਨ। ਹੁਣ ਇਹ ਜੰਗ ਕਦੋਂ ਰੁਕੇਗੀ? ਇਹ ਕਹਿਣਾ ਔਖਾ ਹੈ।

ਦੁਨੀਆ ਦੋ ਹਿੱਸਿਆਂ ਵਿੱਚ ਵੰਡੀ ਗਈ

ਇਜ਼ਰਾਈਲ ਅਤੇ ਫਲਸਤੀਨ ਦੀ ਜੰਗ ਕਾਰਨ ਪੂਰੀ ਦੁਨੀਆ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ। ਇਸ ਜੰਗ ਵਿੱਚ ਕੁਝ ਦੇਸ਼ ਫਲਸਤੀਨ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ, ਜਦਕਿ ਕੁਝ ਦੇਸ਼ ਇਜ਼ਰਾਈਲ ਦਾ ਸਮਰਥਨ ਕਰ ਰਹੇ ਹਨ। ਹਾਲ ਹੀ 'ਚ ਜਦੋਂ UNGA 'ਚ ਫਲਸਤੀਨ ਮਤੇ 'ਤੇ ਵੋਟਿੰਗ ਹੋਈ ਤਾਂ ਦੁਨੀਆ ਦੇ 124 ਦੇਸ਼ ਇਜ਼ਰਾਈਲ ਦੇ ਖਿਲਾਫ ਖੜ੍ਹੇ ਹੋ ਗਏ।

ਇਹ ਵੀ ਪੜ੍ਹੋ : Pandal Collapse : ਤੂਫਾਨ ਕਾਰਨ ਡਿੱਗਿਆ ਜਾਗਰਣ ਵਾਲਾ ਪੰਡਾਲ, 3 ਦੀ ਮੌਤ, ਕਈ ਜ਼ਖਮੀ

Related Post