ਸੂਬੇ ਦੇ ਇਸ ਪਿੰਡ ਦੀ ਪੰਚਾਇਤ ਦੀ ਪਹਿਲਕਦਮੀ, ਨਸ਼ੀਲੇ ਪਦਾਰਥ ਵੇਚਣ 'ਤੇ ਲਗਾਈ ਰੋਕ
ਸੰਗਰੂਰ: ਸੰਗਰੂਰ ਦੇ ਪਿੰਡ ਝਾੜੋਂ ਦੀ ਪੰਚਾਇਤ ਤੇ ਨੌਜਵਾਨ ਸਪੋਰਟਸ ਐਂਡ ਵੈੱਲਫੇਅਰ ਕਲੱਬ ਨੇ ਪਿੰਡ ਵਿਚ ਨਸ਼ੇ ਦੀ ਵਿਕਰੀ ਤੇ ਨਸ਼ੇ ਦੇ ਸੇਵਨ ’ਤੇ ਲਗਾਮ ਕੱਸਣ ਲਈ ਨਵੀਂ ਪਹਿਲ ਕੀਤੀ ਹੈ। ਪੰਚਾਇਤ ਨੇ ਫਰਮਾਨ ਜਾਰੀ ਕੀਤਾ ਹੈ ਕਿ ਪਹਿਲੀ ਜਨਵਰੀ ਤੋਂ ਪਿੰਡ ਵਿਚ ਕੋਈ ਵੀ ਦੁਕਾਨਦਾਰ ਬੀੜੀ-ਸਿਗਰਟ, ਜ਼ਰਦਾ, ਤੰਬਾਕੂ ਆਦਿ ਨਹੀਂ ਵੇਚੇਗਾ। ਕੋਈ ਵਿਅਕਤੀ ਨਸ਼ਾ ਨਹੀਂ ਕਰੇਗਾ, ਨਾ ਵੇਚੇਗਾ ਅਤੇ ਨਾ ਹੀ ਖਰੀਦੇਗਾ। ਜੇ ਕੋਈ ਇਸ ਫਰਮਾਨ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਪੰਚਾਇਤ ਦਾ ਕਹਿਣਾ ਹੈ ਕਿ ਮੰਤਰੀ ਅਮਨ ਅਰੋੜਾ ਨੂੰ ਅਪੀਲ ਕਰਦੇ ਹਨ ਕਿ ਸੁਨਾਮ ਦੇ ਰੇਲਵੇ ਲਾਈਨ ਦੇ ਪਾਰ ਦੀ ਬਸਤੀ ਉੱਤੇ ਨਸ਼ਾ ਵਿਕ ਰਿਹਾ ਹੈ ਉਸ ਉੱਤੇ ਸਰਕਾਰ ਰੋਕ ਲਗਾਏ। ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਪੋਸਟਰ ਪਿੰਡ ਦੀਆਂ ਦੁਕਾਨਾਂ ਤੇ ਜਨਤਕ ਥਾਵਾਂ ’ਤੇ ਲਗਾਏ ਹਨ। ਗੁਰਦੁਆਰੇ ’ਚ ਅਨਾਊਂਸਮੈਂਟ ਕਰਵਾਈ ਗਈ ਹੈ ਕਿ ਕੋਈ ਵੀ ਦੁਕਾਨਦਾਰ ਨਸ਼ੀਲੇ ਪਦਾਰਥ ਨਾ ਵੇਚੇ। ਜੇ ਕੋਈ ਵੇਚਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਪੰਚਾਇਤ ਵੱਲੋਂ ਕੀਤੀ ਜਾਵੇਗੀ।