ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

By  Amritpal Singh October 17th 2024 06:50 PM

ਅੰਮ੍ਰਿਤਸਰ- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 19 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ, ਜਿਸ ਦਾ ਭੋਗ 19 ਅਕਤੂਬਰ ਨੂੰ ਪਾਇਆ ਜਾਵੇਗਾ। ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੈਨੇਜਰ ਸਤਨਾਮ ਸਿੰਘ ਰਿਆੜ, ਸੁਪ੍ਰਡੰਟ ਨਿਸ਼ਾਨ ਸਿੰਘ, ਵਧੀਕ ਮੈਨੇਜਰ ਬਿਕਰਮਜੀਤ ਸਿੰਘ ਝੰਗੀ, ਮੀਤ ਮੈਨੇਜਰ ਅਜੈ ਸਿੰਘ ਹਾਜ਼ਰ ਸਨ।

ਇਸ ਮੌਕੇ ਪ੍ਰਤਾਪ ਸਿੰਘ ਨੇ ਗੁਰਪੁਰਬ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ 18 ਅਕਤੂਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਪਲਾਜ਼ਾ ਘੰਟਾ ਘਰ, ਜ਼ਲ੍ਹਿਆਂਵਾਲਾ ਬਾਗ, ਘਿਓ ਮੰਡੀ ਚੌਕ, ਸ਼ੇਰਾਂ ਵਾਲ ਗੇਟ, ਮਹਾਂ ਸਿੰਘ ਗੇਟ, ਚੌਂਕ ਰਾਮ ਬਾਗ, ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਲਾਹੌਰੀ ਗੇਟ, ਬੇਰੀ ਗੇਟ, ਖ਼ਜ਼ਾਨਾ ਗੇਟ, ਗੇਟ ਹਕੀਮਾਂ, ਭਗਤਾਂ ਵਾਲਾ ਚੌਕ, ਚਾਟੀਵਿੰਡ ਗੇਟ, ਸੁਲਤਾਨਵਿੰਡ ਗੇਟ, ਘਿਓ ਮੰਡੀ ਚੌਕ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ। ਉਨ੍ਹਾਂ ਦੱਸਿਆ ਕਿ 18 ਅਕਤੂਬਰ ਨੂੰ ਰਾਤ ਸਮੇਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ/ਪੜਤਾਲ ਸ਼ਬਦ ਗਾਇਨ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਸੰਗਤ ਨੂੰ ਰਾਗ ਅਧਾਰਿਤ ਕੀਰਤਨ ਸਰਵਣ ਕਰਵਾਉਣਗੇ। ਗੁਰਪੁਰਬ ਵਾਲੇ ਦਿਨ 19 ਅਕਤੂਬਰ ਨੂੰ ਜਿਥੇ ਸਾਰਾ ਦਿਨ ਧਾਰਮਿਕ ਦੀਵਾਨ ਸਜਣਗੇ, ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਰਾਇ ਸਾਹਿਬ ਵਿਖੇ ਜਲੌ ਸਜਣਗੇ। ਸ੍ਰੀ ਦਰਬਾਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਹੋਵੇਗੀ।

Related Post