ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਆਰੰਭਤਾ
ਪਟਿਆਲਾ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੀ ਆਰੰਭਤਾ ਸ੍ਰੀ ਆਖੰਡ ਪਾਠ ਸਾਹਿਬ ਨਾਲ ਕੀਤੀ ਗਈ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੀ ਆਰੰਭਤਾ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਪੁੱਜੇ ਹੋਏ ਸਨ। ਗੁਰੂ ਦਰਬਾਰ ਦੀ ਸਜਾਵਟ ਤੋਂ ਇਲਾਵਾ ਦੀਪਮਾਲਾ ਵੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਅੰਤ੍ਰਿਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਮੌਕੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 25 ਜਨਵਰੀ ਦੇਰ ਰਾਤ ਨੂੰ ਕਵੀ ਦਰਬਾਰ ਹੋਵੇਗਾ ਅਤੇ 26 ਜਨਵਰੀ ਨੂੰ ਅੰਮ੍ਰਿਤ ਵੇਲੇ ਤੋਂ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਸਾਲਾਨਾ ਬਸੰਤ ਪੰਚਮੀ ਦੇ ਜੋੜ ਮੇਲ ਸੰਗਤਾਂ ਗੁਰੂ ਘਰ ਪੁੱਜਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ।
ਇਸ ਮੌਕੇ ਮੈਨੇਜਰ ਜਰਨੈਲ ਸਿੰਘ ਮੁਕਤਸਰੀ ਨੇ ਦੱਸਿਆ ਕਿ ਬਸੰਤ ਪੰਚਮੀ ਦੇ ਸਾਲਾਨਾ ਜੋੜ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸੰਤ ਮਹਾਂਪੁਰਸ਼, ਸਿੱਖ ਸੰਪਰਦਾਵਾਂ ਦੇ ਆਗੂ ਸਾਹਿਬਾਨ ਵੀ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਜੋੜ ਮੇਲ ਨੂੰ ਸਮਰਪਿਤ ਗੁਰਮਤਿ ਸਮਾਗਮ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ, ਉਥੇ ਹੀ 26 ਜਨਵਰੀ ਦੇਰ ਰਾਤ ਨੂੰ ਬਸੰਤ ਰਾਗ ਕੀਰਤਨ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ 'ਚ ਓਵਰਡੋਜ਼ ਕਾਰਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ, RTI ਕਾਰਕੁੰਨ ਨੇ ਕੀਤੇ ਖ਼ੁਲਾਸੇ
ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਦੱਸਿਆ ਕਿ ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਬਾਬਾ ਹਕੀਕਤ ਰਾਏ ਦਾ ਜਨਮ ਦਿਹਾੜਾ ਵੀ ਮਨਾਇਆ ਜਾਵੇਗਾ। ਇਸ ਮੌਕੇ ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਗੁਰਮੀਤ ਸਿੰਘ ਸੁਨਾਮ, ਹਰਵਿੰਦਰ ਸਿੰਘ ਕਾਹਲਵਾਂ, ਸਰਬਜੀਤ ਸਿੰਘ, ਆਤਮ ਪ੍ਰਕਾਸ਼ ਸਿੰਘ, ਗੁਰਤੇਜ ਸਿੰਘ, ਮਨਿੰਦਰ ਸਿੰਘ ਤੋਂ ਇਲਾਵਾ ਅਧਿਕਾਰੀ ਅਤੇ ਪ੍ਰਬੰਧਕੀ ਸਟਾਫ ਆਦਿ ਸ਼ਾਮਲ ਸਨ।
ਗਗਨਦੀਪ ਆਹੂਜਾ ਦੇ ਸਹਿਯੋਗ ਨਾਲ