ਇੰਦਰਾ ਗਾਂਧੀ ਨੂੰ ਇਲਮ ਹੋ ਗਿਆ ਸੀ ਕਿ ਹੁਣ ਜਾਨ ਨਹੀਂ ਬਚੇਗੀ, 39 ਸਾਲ ਪਹਿਲਾਂ ਵਾਪਰੀ ਘਟਨਾ 'ਤੇ ਇੱਕ ਝਾਤ

By  Jasmeet Singh October 31st 2023 04:43 PM -- Updated: October 31st 2023 05:20 PM

PTC News Desk: 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਦੇ ਦੋ ਅੰਗ ਰੱਖਿਅਕਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਸਾਕਾ ਨੀਲਾ ਤਾਰਾ ਦੇ ਵਿਰੋਧ 'ਚ ਅਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਤੇ ਪਾਵਨ ਤੀਰਥ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਘੋਰ ਬੇਅਦਬੀ ਦਾ ਬਦਲਾ ਲੈਣ ਲਈ ਪੁਆਇੰਟ ਬਲੈਂਕ ਰੇਂਜ ਤੋਂ ਇੰਦਰਾ 'ਤੇ 30 ਤੋਂ ਵੱਧ ਗੋਲੀਆਂ ਚਲਾਈਆਂ ਸਨ। ਉਸੇ ਸਾਲ ਇੰਦਰਾ ਸਰਕਾਰ ਵੱਲੋਂ ਅਪ੍ਰੇਸ਼ਨ ਬਲਿਊ ਸਟਾਰ ਜਾਨੀ ਸਾਕਾ ਨੀਲਾ ਤਾਰਨ ਨੂੰ ਜੂਨ ਮਹੀਨੇ ਅੰਜਾਮ ਦਿੱਤਾ ਗਿਆ ਸੀ।

ਇੰਦਰਾ ਦੇ ਕਤਲ ਮਗਰੋਂ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿੱਚ ਦਿੱਲੀ, ਪੰਜਾਬ ਅਤੇ ਹੋਰ ਸਿੱਖ ਬਹੁਗਿਣਤੀ ਇਲਾਕਿਆਂ 'ਚ ਕਈ ਬੇਗੁਨਾਹਾਂ ਸਿੱਖ ਬੱਚੇ, ਬੁਜ਼ੁਰਗ ਅਤੇ ਜਵਾਨ ਕਤਲ ਕਰ ਦਿੱਤੇ ਗਏ। ਇਸਦੇ ਨਾਲ ਹੀ ਜ਼ਾਲਮਾਂ ਵੱਲੋਂ ਸਿੱਖ ਕੁੜੀਆਂ ਅਤੇ ਔਰਤਾਂ ਦੀ ਇਜ਼ਤ ਪੱਤ ਰੋਲ ਉਨ੍ਹਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸਨੂੰ ਬਾਅਦ ਵਿੱਚ ਆਪਣੀ ਛਵੀ ਸਾਫ਼ ਕਰਨ ਲਈ ਉਸ ਵੇਲੇ ਦੀ ਕਾਂਗਰਸ ਸਰਕਾਰ ਵੱਲੋਂ ਫਿਰਕੂ ਹਿੰਸਾਂ ਦਾ ਨਾਮ ਦੇ ਦਿੱਤਾ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਤਿੰਨ ਦਿਨਾਂ ਵਿੱਚ ਲਗਭਗ 3,350 ਸਿੱਖ ਮਾਰੇ ਗਏ ਸਨ, ਰਾਸ਼ਟਰੀ ਰਾਜਧਾਨੀ ਵਿੱਚ ਹੀ 2,800 ਸਿੱਖਾਂ ਨੇ ਆਪਣੀ ਜਾਨਾਂ ਗੁਆ ਦਿੱਤੀਆਂ ਸਨ। ਹਾਲਾਂਕਿ ਅੰਕੜੇ ਇਸ ਤੋਂ ਕਈ ਗੁਨਾਂ ਉੱਤੇ ਸਨ। 


39 ਸਾਲ ਪਹਿਲਾਂ ਉਸ ਦਿਨ ਕੀ ਹੋਇਆ ਸੀ
ਸਾਕਾ ਨੀਲਾ ਤਾਰਾ ਵਿੱਚ ਭਾਰਤੀ ਫੌਜ ਅੰਮ੍ਰਿਤਸਰ ਸਥਿਤ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਈ ਤਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਖਵਾਦੀਆਂ ਨੂੰ ਕਾਬੂ ਜਾਂ ਮਾਰ ਮੁਕਾਇਆ ਜਾ ਸਕੇ। ਆਪਣੇ ਉਦੇਸ਼ਾਂ ਵਿੱਚ ਸਫਲ ਹੋਣ ਲਈ ਇੰਦਰਾ ਗਾਂਧੀ ਦੀ ਹਕੂਮਤ ਵਾਲੀ ਉਸ ਵੇਲੇ ਦੀ ਕਾਂਗਰਸ ਸਰਕਾਰ ਅਤੇ ਸਰਕਾਰਰ ਅਧੀਨ ਭਾਰਤੀ ਫੌਜ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਅਤੇ ਸੂਬੇ ਭਰ ਵਿੱਚ ਅਨੇਕਾਂ ਥਾਵਾਂ 'ਤੇ ਗੁਰਦੁਆਰਿਆਂ ਅਤੇ ਸ੍ਰੀ ਦਰਬਾਰ ਸਾਹਿਬ 'ਤੇ ਇੱਕੋ ਸਮੇਂ ਧਾਵਾ ਬੋਲ ਦਿੱਤਾ, ਜਿਸ ਵਿੱਚ ਵਖਵਾਦੀਆਂ ਸਣੇ ਕਈ ਬੇਕਸੂਰ ਸਿੱਖ ਨਾਗਰਿਕਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਨਾਲ ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ। ਜਿਨ੍ਹਾਂ ਆਪ੍ਰੇਸ਼ਨ ਬਲਿਊ ਸਟਾਰ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਅਤੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਵਜੋਂ ਦੇਖਿਆ।

Indra Gandhi

ਕਾਬਲੇਗੌਰ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸ ਨੇ ਆਪ੍ਰੇਸ਼ਨ ਦਾ ਹੁਕਮ ਦਿੱਤਾ ਸੀ, ਨੂੰ ਇਨ੍ਹਾਂ ਦੋਸ਼ਾਂ ਤਹਿਤ ਆਪਣੇ ਫੈਸਲੇ ਦਾ ਖਮਿਆਜ਼ਾ ਭੁਗਤਣਾ ਪਿਆ। ਬਲੂ ਸਟਾਰ ਤੋਂ ਬਾਅਦ ਦੇ ਦਿਨਾਂ ਅਤੇ ਮਹੀਨਿਆਂ ਵਿੱਚ ਇੰਦਰਾ ਨੇ ਕਈ ਸਿਆਸਤਦਾਨਾਂ, ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨਾਲ ਆਪਣੀ ਆਉਣ ਵਾਲੀ ਮੌਤ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੇ ਨਜ਼ਦੀਕੀ ਵਿਸ਼ਵਾਸੀ ਅਤੇ ਜੀਵਨੀਕਾਰ ਪੁਪੁਲ ਜੈਕਰ ਨੇ 'ਇੰਦਰਾ ਗਾਂਧੀ: ਇੱਕ ਜੀਵਨੀ, 2000' 'ਚ ਲਿਖਿਆ ਹੈ, "ਮੈਂ ਸ਼ਾਇਦ ਹੀ ਉਸਨੂੰ ਅਜਿਹੇ ਮੂਡ ਵਿੱਚ ਵੇਖਿਆ ਸੀ, ਉਸਦੇ ਵਿਚਾਰ ਮੌਤ ਨਾਲ ਉਲਝੇ ਹੋਏ ਸਨ।"  ਕਾਂਗਰਸ ਦੇ ਕਈ ਸੀਨੀਅਰ ਸਿਆਸਤਦਾਨਾਂ ਦਾ ਵੀ ਕਹਿਣਾ ਕਿ ਫੌਜੀ ਕਾਰਵਾਈ ਤੋਂ ਬਾਅਦ ਇੰਦਰਾ ਨੂੰ ਇਹ ਇਲਮ ਹੋ ਗਿਆ ਸੀ ਕਿ, ਹੁਣ ਸਿੱਖ ਉਸਨੂੰ ਛੱਡਣਗੇ ਨਹੀਂ। ਮਕਬੂਲ ਸਿਆਸਤਦਾਨ ਸਤਿਆਪਾਲ ਮਲਿਕ ਕਹਿੰਦੇ ਨੇ, "ਇੰਦਰਾ ਜੀ ਨੂੰ ਇਹ ਇਲਮ ਸੀ ਕਿ ਹੁਣ ਸਿੱਖ ਉਨ੍ਹਾਂ ਨੂੰ ਮਾਰ ਦੇਣਗੇ ਅਤੇ ਉਨ੍ਹਾਂ ਮਾਰਿਆ।" 

ਸਿੱਖ ਗਾਰਡਾਂ ਨਾਲ ਡਟੇ ਰਹਿਣ 'ਤੇ ਦਿੱਤਾ ਜ਼ੋਰ?
ਬਲੂ ਸਟਾਰ ਤੋਂ ਬਾਅਦ ਇੰਦਰਾ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਹਾਲਾਂਕਿ ਉਸਨੇ ਪੁਲਿਸ ਤੋਂ ਆਰਮੀ ਨੂੰ ਆਪਣੀ ਸੁਰੱਖਿਆ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਕਮਾਂਡੋਜ਼ ਨੂੰ ਉਸਦੀ ਸੁਰੱਖਿਆ ਟੀਮ ਵਿੱਚ ਸ਼ਾਮਲ ਕੀਤਾ ਗਿਆ। ਉਸ ਦੇ ਪਰਿਵਾਰ ਖਾਸ ਕਰਕੇ ਉਸ ਦੇ ਪੋਤੇ-ਪੋਤੀਆਂ, ਰਾਹੁਲ (ਉਦੋਂ 14) ਅਤੇ ਪ੍ਰਿਅੰਕਾ (12) ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਇੰਦਰਾ ਦੇ ਪ੍ਰਮੁੱਖ ਸਕੱਤਰ ਪੀਸੀ ਅਲੈਗਜ਼ੈਂਡਰ ਨੇ ਬਾਅਦ ਵਿੱਚ ਜੈਕਰ ਨੂੰ ਦੱਸਿਆ “ਉਨ੍ਹਾਂ ਨੂੰ ਆਪਣੇ ਪੋਤੇ-ਪੋਤੀਆਂ ਨੂੰ ਨੁਕਸਾਨ ਤੋਂ ਬਚਾਉਣ ਦਾ ਡਰ ਸੀ, ਉਹ ਉਨ੍ਹਾਂ ਨੂੰ ਅਗਵਾ ਕੀਤੇ ਜਾਣ, ਸੱਟ ਲੱਗਣ ਦੇ ਭਿਆਨਕ ਸੋਚ ਭਰੇ ਡਰ 'ਚ ਰਹਿੰਦੀ ਸੀ।”



ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਅਧਿਕਾਰੀ ਜੀਬੀਐਸ ਸਿਧੂ ਨੇ ਆਪਣੀ ਕਿਤਾਬ ਵਿੱਚ 'ਖਾਲਿਸਤਾਨ ਦੀ ਸਾਜ਼ਿਸ਼' 'ਚ ਖੁਲਾਸਾ ਕੀਤਾ ਹੈ ਕਿਵੇਂ ਇੰਦਰਾ ਸਰਕਾਰ ਨੇ ਖਾਲਿਸਤਾਨ ਪੱਖੀ ਭਾਵਨਾਵਾਂ ਅਤੇ ਸਿੱਖ ਕੱਟੜਪੰਥੀਆਂ ਅਤੇ ਵੱਖਵਾਦੀਆਂ ਨੂੰ ਜਾਣਬੁੱਝ ਵਧਾਇਆ ਗਿਆ ਅਤੇ ਫਿਰ ਰਾਜਨੀਤਿਕ ਫਾਇਦਾ ਲੈਣ ਲਈ ਇਨ੍ਹਾਂ ਨੂੰ ਕੁਚਲ ਦਿੱਤਾ ਗਿਆ। ਜਿਸਦਾ ਖਮਿਆਜ਼ਾ ਸੀ ਸਾਕਾ ਨੀਲਾ ਤਾਰਾ ਅਤੇ ਇੰਦਰਾ ਗਾਂਧੀ ਦਾ ਕਤਲ। ਕਾਬਲੇਗੌਰ ਹੈ ਕਿ ਉਨ੍ਹਾਂ ਦੀ ਇਸ ਕਿਤਾਬ ਦੇ ਸਾਲ 2020 'ਚ ਪ੍ਰਕਾਸ਼ਿਤ ਹੋਣ ਮਗਰੋਂ ਅਤੇ ਕੀਤੇ ਖੁਲਾਸਿਆਂ ਤੋਂ ਬਾਅਦ ਸੀਕ੍ਰੇਟ ਸਰਵਿਸ ਦੇ ਕਿਸੀ ਵੀ ਅਧਿਕਾਰੀ ਦੇ ਕਿਤਾਬ ਪ੍ਰਕਾਸ਼ਿਤ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।  

ਸਿੱਖ ਗਾਰਡਾਂ ਦੁਆਰਾ ਮਾਰ ਦਿੱਤੀ ਗਈ ਗੋਲੀ
31 ਅਕਤੂਬਰ ਦੀ ਸਵੇਰ ਨੂੰ ਲਗਭਗ 9.10 ਵਜੇ ਇੰਦਰਾ ਗਾਂਧੀ ਨਵੀਂ ਦਿੱਲੀ ਦੇ 1 ਸਫਦਰਜੰਗ ਰੋਡ ਸਥਿਤ ਆਪਣੀ ਸਰਕਾਰੀ ਰਿਹਾਇਸ਼ ਤੋਂ ਨਿਕਲੀ ਅਤੇ 1 ਅਕਬਰ ਰੋਡ ਸਥਿਤ ਬੰਗਲੇ ਦੇ ਨਾਲ ਲੱਗਦੇ ਆਪਣੇ ਨਿੱਜੀ ਦਫਤਰ ਲਈ ਚਲੀ ਗਈ। ਉਸ ਦੇ ਨਾਲ ਕਾਂਸਟੇਬਲ ਨਰਾਇਣ ਸਿੰਘ ਅਤੇ ਰਾਮੇਸ਼ਵਰ ਦਿਆਲ ਉਸ ਦੇ ਨਿੱਜੀ ਸਕੱਤਰ ਆਰ ਕੇ ਧਵਨ ਅਤੇ ਉਸ ਦਾ ਘਰੇਲੂ ਨੌਕਰ ਨੱਥੂ ਰਾਮ ਸ਼ਾਮਲ ਸੀ। ਜਿਵੇਂ ਹੀ ਉਹ ਬਾਗ ਦੇ ਰਸਤੇ ਹੇਠਾਂ ਚੱਲ ਰਹੀ ਸੀ ਇੰਦਰਾ ਦੀ ਸੁਰੱਖਿਆ 'ਚ ਲੰਬੇ ਸਮੇਂ ਤੋਂ ਮੈਂਬਰ ਸਬ-ਇੰਸਪੈਕਟਰ ਬੇਅੰਤ ਸਿੰਘ ਅੱਗੇ ਆਇਆ ਅਤੇ ਕੁਝ ਦੂਰੀ 'ਤੇ ਨਵਾਂ ਭਰਤੀ ਕਾਂਸਟੇਬਲ ਸਤਵੰਤ ਸਿੰਘ ਖੜ੍ਹਾ ਸੀ।


ਸਾਬਕਾ ਰਾਅ ਅਧਿਕਾਰੀ ਜੀਬੀਐਸ ਸਿਧੂ ਲਿਖਦੇ ਨੇ, "ਮੈਂ ਹੈਰਾਨੀ ਪ੍ਰਗਟਾਈ ਕਿ ਹਥਿਆਰਬੰਦ ਸਿੱਖ ਪੁਲਿਸ ਸੁਰੱਖਿਆ ਗਾਰਡ ਜਿਨ੍ਹਾਂ ਨੂੰ ਸਾਕਾ ਨੀਲਾ ਤਾਰਾ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ, ਨੂੰ ਦੁਬਾਰਾ ਤਾਇਨਾਤ ਕਿਉਂ ਕੀਤਾ ਗਿਆ ਸੀ। ‘ਸ਼੍ਰੀਮਤੀ ਗਾਂਧੀ ਦੀ ਹੱਤਿਆ ਕਰਵਾਉਣ ਦਾ ਇਹ ਸਭ ਤੋਂ ਪੱਕਾ ਅਤੇ ਆਸਾਨ ਤਰੀਕਾ ਹੈ!’ ਮੈਂ ਨਿਰਾਸ਼ ਹੋ ਕੇ ਕਿਹਾ।"

ਜੈਕਰ ਲਿਖਦੇ ਨੇ, “ਉਹ ਮੁਸਕਰਾਈ ਅਤੇ ਨਮਸਕਾਰ ਕੀਤਾ, ਜਦੋਂ ਸੁਰੱਖਿਆ ਕਰਮੀਆਂ ਨੇ ਸਲਾਮ ਠੋਕਣ ਲਈ ਹੱਥ ਉਠਾਇਆ ਤਾਂ ਉਨ੍ਹਾਂ ਨੇ ਰਿਵਾਲਵਰ ਫੜਿਆ ਹੋਇਆ ਸੀ ਅਤੇ ਤਿੰਨ ਫੁੱਟ ਦੀ ਦੂਰੀ ਤੋਂ ਗੋਲੀ ਮਾਰ ਦਿੱਤੀ।” ਉਨ੍ਹਾਂ ਲਿਖਿਆ ਕਿ ਸਤਵੰਤ ਸਿੰਘ ਨੇ ਇੰਦਰਾ 'ਤੇ ਆਪਣੀ 30-ਰਾਉਂਡ ਸਟੇਨ ਗੰਨ ਕਲਿੱਪ ਖਾਲੀ ਕਰ ਦਿੱਤੀ ਅਤੇ ਦੂਜੇ ਨੇ ਪੁਆਇੰਟ-ਬਲੈਂਕ ਰੇਂਜ 'ਤੇ ਚਾਰ ਹੋਰ ਸ਼ਾਟ ਚਲਾਏ।"


ਇਹ ਗੋਲੀਬਾਰੀ ਲਗਭਗ 25 ਸਕਿੰਟ ਚੱਲੀ ਜਿਸ ਦੌਰਾਨ ਇੰਦਰਾ ਜ਼ਮੀਨ 'ਤੇ ਡਿੱਗ ਗਈ। ਉਨ੍ਹਾਂ ਆਪਣੀ ਬੁਲੇਟ ਪ੍ਰੂਫ਼ ਜੈਕੇਟ ਵੀ ਨਹੀਂ ਪਾਈ ਹੋਈ ਸੀ। ਕਾਂਸਟੇਬਲ ਦਿਆਲ ਨੇ ਬੰਦੂਕਧਾਰੀਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਪੱਟ ਵਿਚ ਗੋਲੀ ਮਾਰ ਦਿੱਤੀ ਗਈ। ਗੋਲੀਬਾਰੀ ਖਤਮ ਹੋਣ ਤੋਂ ਬਾਅਦ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੋਵਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ। ਬੇਅੰਤ ਸਿੰਘ ਨੇ ਪੰਜਾਬੀ ਵਿੱਚ ਕਿਹਾ, “ਮੈਂ ਉਹ ਕੀਤਾ ਹੈ ਜੋ ਮੈਨੂੰ ਕਰਨਾ ਸੀ। ਹੁਣ ਤੁਸੀਂ ਉਹ ਕਰੋ ਜੋ ਤੁਹਾਨੂੰ ਕਰਨਾ ਹੈ।” ਨਰਾਇਣ ਸਿੰਘ ਅਤੇ ਮੌਕੇ 'ਤੇ ਪਹੁੰਚੇ ਆਈਟੀਬੀਪੀ ਕਮਾਂਡੋਜ਼ ਦੇ ਸਮੂਹ ਨੇ ਦੋਵਾਂ ਨੂੰ ਜਲਦੀ ਕਾਬੂ ਕਰ ਲਿਆ।

ਇੰਦਰਾ ਦਾ ਲਾਹੂ-ਲੁਹਾਨ ਸਰੀਰ ਅੰਬੈਸਡਰ ਕਾਰ ਵਿਚ ਏਮਜ਼ ਲਿਜਾਇਆ ਗਿਆ, ਉਸਦਾ ਸਿਰ ਉਸ ਨੂੰਹ ਸੋਨੀਆ ਦੀ ਗੋਦ ਵਿਚ ਸੀ। ਚਾਰ ਘੰਟੇ ਚੱਲੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਇੰਦਰਾ ਨੂੰ ਦੁਪਹਿਰ 2.23 ਵਜੇ ਮ੍ਰਿਤਕ ਐਲਾਨ ਦਿੱਤਾ।

ਸਿੱਖ ਨਸਲਕੁਸ਼ੀ ਕਾਂਡ ਦਾ ਆਗਾਜ਼
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਜ਼ਾਰਾਂ ਸਿੱਖਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ, ਜਿਸ 'ਤੇ ਇੰਦਰਾ ਦੇ ਬੇਟੇ ਅਤੇ ਬਾਅਦ ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ ਸੀ, "ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਤਾਂ ਹਿੱਲ ਦੀ ਹੀ ਹੈ। ਉਸ ਦੀਆਂ ਟਿੱਪਣੀਆਂ ਦੀ ਰਾਜਨੀਤਿਕ ਜਗਤ 'ਚ ਸਖ਼ਤ ਆਲੋਚਨਾ ਕੀਤੀ ਗਈ। ਜਿਵੇਂ ਕਿ ਇਸ ਟਿੱਪਣੀ ਨਾਲ ਸਿੱਖ ਨਸਲਕੁਸ਼ੀ  ਨੂੰ ਜਾਇਜ਼ ਠਹਿਰਾਇਆ ਗਿਆ ਹੋਵੇ। 



ਦੂਜੇ ਪਾਸੇ ਬੇਅੰਤ ਸਿੰਘ ਨੇ ਕਤਲ ਦੇ ਥੋੜ੍ਹੀ ਦੇਰ ਬਾਅਦ ਹੀ ਹਿਰਾਸਤ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਗੋਲੀ ਮਾਰ ਲਈ। ਸਤਵੰਤ ਸਿੰਘ ਨੂੰ ਪੰਜ ਸਾਲ ਬਾਅਦ ਸਹਿ-ਸਾਜ਼ਿਸ਼ਕਰਤਾ ਕੇਹਰ ਸਿੰਘ ਸਮੇਤ ਫਾਂਸੀ ਦੇ ਦਿੱਤੀ ਗਈ। ਸਿੱਖ ਪੰਥ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਨਾਬਰਦਾਸ਼ਯੋਗ ਬੇਅਦਬੀ ਦਾ ਬਦਲਾ ਲੈਣ ਲਈ ਉਨ੍ਹਾਂ ਤਿੰਨਾਂਨੂੰ ਪੰਥਕ ਸ਼ਹੀਦ ਦੇ ਦਰਜੇ ਨਾਲ ਨਵਾਜਿਆ ਗਿਆ।  

Related Post