ਅਮਰੀਕਾ 'ਚ ਵਿਵਾਦਾਂ 'ਚ ਘਿਰੀ ਭਾਰਤੀ ਆਈ ਡਰੌਪ ਕੰਪਨੀ, ਉਤਪਾਦਨ ਬੰਦ

By  Ravinder Singh February 4th 2023 08:43 AM

ਨਵੀਂ ਦਿੱਲੀ : ਚੇਨਈ ਸਥਿਤ ਦਵਾਈ ਕੰਪਨੀ ਅਮਰੀਕਾ ਵਿਚ  ਵਿਵਾਦਾਂ ਵਿਚ ਘਿਰ ਗਈ ਹੈ। ਇਸ ਕਾਰਨ ਕੰਪਨੀ ਨੇ ਫਿਲਹਾਲ 'ਆਈ ਡਰੌਪ' ਦਾ ਉਤਪਾਦਨ ਬੰਦ ਕਰ ਦਿੱਤਾ ਹੈ। ਇਸ ਆਈ ਡਰੌਪ ਦੀ ਵਰਤੋਂ ਨਾਲ ਕਥਿਤ ਤੌਰ 'ਤੇ ਅਮਰੀਕਾ ਵਿਚ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਅਤੇ ਕੁਝ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਅਮਰੀਕਾ ਵੱਲੋਂ ਕੀਤੇ ਜਾ ਰਹੇ ਅਜਿਹੇ ਕਥਿਤ ਦਾਅਵਿਆਂ ਤੋਂ ਬਾਅਦ ਪਹਿਲਾਂ ਕੰਪਨੀ ਨੇ ਇਸ ਦਵਾਈ ਦੀ ਖੇਪ ਵਾਪਸ ਲੈਣ ਦਾ ਫੈਸਲਾ ਕੀਤਾ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਕੰਪਨੀ ਨੇ ਇਸ ਦਵਾਈ ਦਾ ਉਤਪਾਦਨ ਵੀ ਬੰਦ ਕਰ ਦਿੱਤਾ ਹੈ।



ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਚੇਨਈ ਸਥਿਤ ਗਲੋਬਲ ਫਾਰਮਾ ਹੈਲਥਕੇਅਰ ਵੱਲੋਂ ਨਿਰਮਿਤ ਅਜ਼ਰੀਕੇਅਰ ਆਰਟੀਫਿਸ਼ੀਅਲ ਟੀਅਰਜ਼ ਆਈ ਡਰੌਪਸ ਦੀਆਂ ਬੋਤਲਾਂ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ. ਡੀ. ਏ.) ਨੇ ਕਿਹਾ ਕਿ ਉਹ ਫਿਲਹਾਲ ਇਸ ਕੰਪਨੀ ਦੇ ਉਤਪਾਦ ਦੀ ਦਰਾਮਦ ਬੰਦ ਕਰਨ ਜਾ ਰਿਹਾ ਹੈ।

ਯੂਐਸ ਹੈਲਥ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਐਫਡੀਏ ਖਪਤਕਾਰਾਂ ਅਤੇ ਸਿਹਤ ਸੰਭਾਲ ਪ੍ਰੈਕਟੀਸ਼ਨਰਾਂ ਨੂੰ ਸਲਾਹ ਦੇ ਰਿਹਾ ਹੈ ਕਿ ਉਹ ਸੰਭਾਵਿਤ ਬੈਕਟੀਰੀਆ ਦੇ ਗੰਦਗੀ ਕਾਰਨ ਅਜ਼ਰੀਕੇਅਰ ਆਰਟੀਫਿਸ਼ੀਅਲ ਟੀਅਰ ਅਤੇ ਡੇਲਸਮ ਫਾਰਮਾ ਦੇ ਆਰਟੀਫਿਸ਼ੀਅਲ ਟੀਅਰ ਨੂੰ ਖਰੀਦਣ ਤੋਂ ਗੁਰੇਜ਼ ਕਰਨ। ਇਨ੍ਹਾਂ ਦਵਾਈਆਂ ਦੀ ਵਰਤੋਂ ਨਾਲ ਅੱਖਾਂ ਦੀ ਲਾਗ ਦੇ ਨਾਲ-ਨਾਲ ਅੰਨ੍ਹਾਪਣ ਤੇ ਮੌਤ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ : 'ਆਪ' ਸਰਕਾਰ ਨੇ ਪੰਜਾਬ ਦੇ ਅਰਥਚਾਰੇ ਦਾ ਵੱਡਾ ਨੁਕਸਾਨ ਕੀਤਾ: ਸੁਖਬੀਰ ਸਿੰਘ ਬਾਦਲ

ਅਮਰੀਕਾ ਦੇ ਡਾਕਟਰਾਂ ਨੇ ਸੂਡੋਮੋਨਾਸ ਅਰੁਗਿਨੋਸਾ ਨਾਮਕ ਬੈਕਟੀਰੀਆ ਤੋਂ ਸੁਚੇਤ ਕੀਤਾ ਹੈ, ਜਿਸ ਨੇ ਇਕ ਦਰਜਨ ਰਾਜਾਂ ਵਿੱਚ ਘੱਟੋ-ਘੱਟ 55 ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਘੱਟੋ-ਘੱਟ ਇਕ ਦੀ ਮੌਤ ਹੋ ਗਈ ਹੈ। ਸੀਡੀਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਹੁਣ ਤੱਕ 11 ਮਰੀਜ਼ਾਂ ਵਿੱਚੋਂ ਘੱਟੋ-ਘੱਟ 5 ਜਿਨ੍ਹਾਂ ਨੂੰ ਅੱਖਾਂ ਦੀ ਸਿੱਧੀ ਲਾਗ ਸੀ, ਨੇ ਆਪਣੀ ਨਜ਼ਰ ਗੁਆ ਦਿੱਤੀ ਹੈ।

ਇਕ ਰਿਪੋਰਟ ਅਨੁਸਾਰ ਸੂਡੋਮੋਨਾਸ ਐਰੂਗਿਨੋਸਾ ਖੂਨ, ਫੇਫੜਿਆਂ ਜਾਂ ਜ਼ਖ਼ਮਾਂ 'ਚ ਇਨਫੈਕਸ਼ਨ ਦਾ ਕਾਰਨ ਬਣ ਸਕਦੀ ਹੈ ਅਤੇ ਐਂਟੀਬਾਇਓਟਿਕ ਪ੍ਰਤੀਰੋਧ ਦੇ ਕਾਰਨ ਅਜੋਕੇ ਸਮੇਂ 'ਚ ਜਰਾਸੀਮ ਦਾ ਇਲਾਜ ਕਰਨਾ ਮੁਸ਼ਕਲ ਸਾਬਤ ਹੋ ਰਿਹਾ ਹੈ।

Related Post