ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਹਾਦਸਾਗ੍ਰਸਤ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ
ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਰਿਸ਼ਭ ਪੰਤ ਦਾ ਵਾਲਾ-ਵਾਲ ਬਚਾਅ ਹੋ ਗਿਆ ਪਰ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ।
Cricketer Rishabh Pant Car Accident : ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ ਤੋਂ ਘਰ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਹਮਦਪੁਰ ਝੱਲ ਨੇੜੇ ਰੁੜਕੀ ਦੀ ਨਰਸਾਨ ਸਰਹੱਦ 'ਤੇ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ। ਰਿਸ਼ਭ ਨੂੰ ਇਲਾਜ ਲਈ ਦੇਹਰਾਦੂਨ ਦੇ ਮੈਕਸ ਹਸਪਤਾਲ ਲਿਆਂਦਾ ਜਾ ਰਿਹਾ ਹੈ। ਉੱਥੇ ਉਸ ਦੀ ਪਲਾਸਟਿਕ ਸਰਜਰੀ ਕੀਤੀ ਜਾਵੇਗੀ। ਖਾਨਪੁਰ ਦੇ ਵਿਧਾਇਕ ਉਮੇਸ਼ ਕੁਮਾਰ ਉਨ੍ਹਾਂ ਦੀ ਹਾਲਤ ਜਾਣਨ ਲਈ ਹਸਪਤਾਲ ਪੁੱਜੇ।
ਡਾਕਟਰਾਂ ਮੁਤਾਬਕ ਰਿਸ਼ਭ ਪੰਤ ਦੇ ਮੱਥੇ ਅਤੇ ਲੱਤ 'ਤੇ ਸੱਟਾਂ ਲੱਗੀਆਂ ਹਨ। ਸੂਚਨਾ ਮਿਲਣ ਤੋਂ ਬਾਅਦ ਐਸਪੀ ਦੇਹਾਤ ਸਵਪਨਾ ਕਿਸ਼ੋਰ ਸਿੰਘ ਮੌਕੇ 'ਤੇ ਪਹੁੰਚ ਗਏ ਹਨ। ਹਸਪਤਾਲ ਦੇ ਚੇਅਰਮੈਨ ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਫਿਲਹਾਲ ਰਿਸ਼ਭ ਪੰਤ ਦੀ ਹਾਲਤ ਸਥਿਰ ਹੈ, ਉਨ੍ਹਾਂ ਨੂੰ ਰੁੜਕੀ ਤੋਂ ਦੇਹਰਾਦੂਨ ਦੇ ਮੈਕਸ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਉਸ ਦੀ ਪਲਾਸਟਿਕ ਸਰਜਰੀ ਕੀਤੀ ਜਾਵੇਗੀ।
ਚਸ਼ਮਦੀਦਾਂ ਮੁਤਾਬਕ ਰਿਸ਼ਭ ਦੀ ਕਾਰ ਰੇਲਿੰਗ ਨਾਲ ਟਕਰਾ ਗਈ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੇ ਨਾਲ ਹੀ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਰਿਸ਼ਭ ਪੰਤ ਨੂੰ ਦਿੱਲੀ ਰੋਡ 'ਤੇ ਸਥਿਤ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਕਾਰ 'ਚ ਦਿੱਲੀ ਤੋਂ ਰੁੜਕੀ ਵੱਲ ਆ ਰਹੇ ਸਨ। ਦੱਸ ਦੇਈਏ ਕਿ ਰਿਸ਼ਭ ਪੰਤ ਦਾ ਘਰ ਰੁੜਕੀ ਵਿੱਚ ਹੈ। ਜਦੋਂ ਉਨ੍ਹਾਂ ਦੀ ਕਾਰ ਨਰਸਾਨ ਕਸਬੇ ਕੋਲ ਪਹੁੰਚੀ ਤਾਂ ਕਾਰ ਬੇਕਾਬੂ ਹੋ ਕੇ ਰੇਲਿੰਗ ਅਤੇ ਖੰਭਿਆਂ ਨੂੰ ਤੋੜ ਕੇ ਪਲਟ ਗਈ।
ਇਹ ਵੀ ਪੜ੍ਹੋ : PM Modi Mother Death: ਪੀਐਮ ਮੋਦੀ ਦੀ ਮਾਂ ਹੀਰਾਬੇਨ ਦਾ 100 ਸਾਲ ਦੀ ਉਮਰ 'ਚ ਦੇਹਾਂਤ, ਪੂਰਾ ਦੇਸ਼ ਸ਼ੋਕ 'ਚ ਡੁੱਬਿਆ
ਇਸ ਤੋਂ ਬਾਅਦ ਉਸ ਦੀ ਕਾਰ ਨੂੰ ਅੱਗ ਲੱਗ ਗਈ। ਉਦੋਂ ਤੱਕ ਪਿੰਡ ਵਾਸੀ ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਜਲਦਬਾਜ਼ੀ 'ਚ ਕ੍ਰਿਕਟਰ ਰਿਸ਼ਭ ਪੰਤ ਨੂੰ ਦਿੱਲੀ ਰੋਡ 'ਤੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇੱਥੋਂ ਉਸ ਨੂੰ ਦੇਹਰਾਦੂਨ ਰੈਫਰ ਕਰ ਦਿੱਤਾ ਗਿਆ ਹੈ।