India vs Germany : ਫਾਈਨਲ 'ਚ ਪਹੁੰਚਣ ਤੋਂ ਖੁੰਝੀ ਟੀਮ ਇੰਡੀਆ, ਹੁਣ ਕਾਂਸੀ ਦੇ ਤਗਮੇ ਲਈ ਸਪੇਨ ਨਾਲ ਹੋਵੇਗਾ ਮੁਕਾਬਲਾ
ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ 'ਚ ਜਰਮਨੀ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਰਮਨੀ ਨੇ ਆਖਰੀ ਸਮੇਂ 'ਤੇ ਗੋਲ ਕੀਤਾ, ਜਿਸ ਕਾਰਨ ਭਾਰਤ ਹਾਰ ਗਿਆ। ਹੁਣ ਕਾਂਸੀ ਦੇ ਤਗਮੇ ਲਈ ਸਪੇਨ ਨਾਲ ਮੁਕਾਬਲਾ ਹੋਵੇਗਾ।
Indian Hockey Team Paris Olympics 2024 : ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ 2024 ਦੇ ਸੈਮੀਫਾਈਨਲ ਵਿੱਚ ਜਰਮਨੀ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਰਮਨੀ ਦੇ ਮਾਰਕੋ ਮਿਲਟਕੋ ਨੇ ਆਖਰੀ ਮਿੰਟ 'ਚ ਗੋਲ ਕਰਕੇ ਟੀਮ ਇੰਡੀਆ ਤੋਂ ਜਿੱਤ ਖੋਹ ਲਈ। ਇਕ ਸਮੇਂ ਸਕੋਰ 2-2 ਨਾਲ ਬਰਾਬਰ ਸੀ। ਪਰ ਉਸਦੇ ਗੋਲ ਕਾਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਹਾਕੀ ਟੀਮ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਦੀ ਟੀਮ ਨਾਲ ਭਿੜੇਗੀ।
ਹਰਮਨਪ੍ਰੀਤ ਸਿੰਘ ਨੇ ਸ਼ੁਰੂਆਤੀ ਗੋਲ ਕੀਤਾ
ਭਾਰਤ ਨੂੰ ਮੈਚ ਦੀ ਸ਼ੁਰੂਆਤ 'ਚ ਕਈ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਟੀਮ ਨੂੰ ਸਫਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਸੱਤਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਪ੍ਰੀਤ ਸਿੰਘ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਪੈਨਲਟੀ ਕਾਰਨਰ ਤੋਂ ਜ਼ਬਰਦਸਤ ਅੰਦਾਜ਼ ਵਿੱਚ ਗੋਲ ਕੀਤਾ। ਫਿਰ ਭਾਰਤੀ ਹਾਕੀ ਟੀਮ ਨੇ ਪਹਿਲੇ ਕੁਆਰਟਰ ਵਿੱਚ 1-0 ਦੀ ਬੜ੍ਹਤ ਬਣਾਈ ਰੱਖੀ।
ਜਰਮਨੀ ਨੇ ਦੂਜੇ ਕੁਆਰਟਰ ਵਿੱਚ ਵਾਪਸੀ ਕੀਤੀ
ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਜਰਮਨੀ ਲਈ ਗੋਂਜ਼ਾਲੋ ਪੇਲੇਟ ਨੇ ਗੋਲ ਕਰਕੇ ਮੈਚ ਵਿੱਚ ਸਕੋਰ 1-1 ਕਰ ਦਿੱਤਾ। ਗੋਂਜਾਲੋ ਨੇ 18ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ। ਇਸ ਤੋਂ ਥੋੜ੍ਹੀ ਦੇਰ ਬਾਅਦ ਕ੍ਰਿਸਟੋਫਰ ਰੂਡ ਨੇ 27ਵੇਂ ਮਿੰਟ ਵਿੱਚ ਜਰਮਨੀ ਲਈ ਗੋਲ ਕਰ ਦਿੱਤਾ। ਇਸ ਨਾਲ ਜਰਮਨੀ ਨੇ ਮੈਚ ਵਿੱਚ 2-1 ਦੀ ਬੜ੍ਹਤ ਬਣਾ ਲਈ। ਦੂਜਾ ਕੁਆਟਰ ਪੂਰੀ ਤਰ੍ਹਾਂ ਜਰਮਨੀ ਦੇ ਨਾਂ ਰਿਹਾ। ਭਾਰਤੀ ਖਿਡਾਰੀਆਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ। ਪਰ ਗੋਲ ਨਹੀਂ ਹੋ ਸਕਿਆ।
ਤੀਜੇ ਕੁਆਰਟਰ ਵਿੱਚ ਭਾਰਤੀ ਹਾਕੀ ਟੀਮ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਜਰਮਨ ਡਿਫੈਂਸ ਨੂੰ ਲਗਾਤਾਰ ਘੇਰਨ ਦੀ ਕੋਸ਼ਿਸ਼ ਕੀਤੀ। ਸਾਰੇ ਖਿਡਾਰੀ ਇਕਜੁੱਟ ਹੋ ਕੇ ਖੇਡੇ। ਸਾਰੇ ਭਾਰਤੀ ਖਿਡਾਰੀ ਚਾਹੁੰਦੇ ਸਨ ਕਿ ਟੀਮ ਕਿਸੇ ਤਰ੍ਹਾਂ ਸਕੋਰ ਬਰਾਬਰ ਕਰ ਲਵੇ। ਇਸ ਤੋਂ ਬਾਅਦ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਕੁਆਰਟਰ 'ਚ ਭਾਰਤੀ ਟੀਮ ਜਰਮਨ ਟੀਮ 'ਤੇ ਹਾਵੀ ਰਹੀ ਅਤੇ ਵਿਰੋਧੀ ਟੀਮ ਨੂੰ ਇਕ ਵੀ ਮੌਕਾ ਨਹੀਂ ਦਿੱਤਾ। ਭਾਰਤੀ ਟੀਮ ਨੇ ਚੌਥੇ ਕੁਆਰਟਰ ਦੀ ਸਮਾਪਤੀ ਤੋਂ ਕੁਝ ਮਿੰਟ ਪਹਿਲਾਂ ਹੀ ਗੋਲ ਸਵੀਕਾਰ ਕਰ ਲਿਆ। ਜਰਮਨੀ ਲਈ ਮਾਰਕੋ ਮਿਲਟਕੋ ਨੇ 54ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਕਾਰਨ ਇਕ ਵਾਰ ਫਿਰ ਲੀਡ ਜਰਮਨੀ ਦੇ ਹਿੱਸੇ ਗਈ ਅਤੇ ਜਰਮਨੀ ਨੇ ਇਹ ਮੈਚ 3-2 ਨਾਲ ਜਿੱਤ ਲਿਆ।