ਭਾਰਤ ਦੀ ਸੈਮੀਫਾਈਨਲ 'ਚ ਐਂਟਰੀ, ਮੈਚ ’ਚ ਰਹੀ ਰੋਹਿਤ ਦੀ ਜ਼ਬਰਦਸਤ ਪਾਰੀ; ਗੇਂਦਬਾਜ਼ਾਂ ਨੇ ਫਿਰ ਮਚਾਈ ਤਬਾਹੀ
ਭਾਰਤ ਆਪਣੇ ਤਿੰਨੋਂ ਸੁਪਰ ਅੱਠ ਮੈਚ ਜਿੱਤ ਕੇ ਛੇ ਅੰਕਾਂ ਨਾਲ ਸਿਖਰ ’ਤੇ ਰਿਹਾ। ਭਾਰਤੀ ਟੀਮ ਹੁਣ 27 ਜੂਨ ਨੂੰ ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ।
ਕਪਤਾਨ ਰੋਹਿਤ ਸ਼ਰਮਾ ਦੇ ਤੂਫਾਨੀ ਅਰਧ ਸੈਂਕੜੇ ਤੋਂ ਬਾਅਦ ਅਰਸ਼ਦੀਪ ਸਿੰਘ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸੋਮਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਗੇੜ ਦੇ ਗਰੁੱਪ ਵਨ ਮੈਚ 'ਚ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਆਪਣੇ ਨਾਂ ਕਰ ਲਿਆ। ਇਸ ਨੇ ਲਗਾਤਾਰ ਤੀਜੀ ਜਿੱਤ ਨਾਲ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।
ਭਾਰਤ ਆਪਣੇ ਤਿੰਨੋਂ ਸੁਪਰ ਅੱਠ ਮੈਚ ਜਿੱਤ ਕੇ ਛੇ ਅੰਕਾਂ ਨਾਲ ਸਿਖਰ ’ਤੇ ਰਿਹਾ। ਭਾਰਤੀ ਟੀਮ ਹੁਣ 27 ਜੂਨ ਨੂੰ ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ। ਗਰੁੱਪ ਵਨ ਤੋਂ ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਕੋਲ ਅਜੇ ਵੀ ਆਖਰੀ ਚਾਰ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ।
ਭਾਰਤ ਦੇ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ (76 ਦੌੜਾਂ, 43 ਗੇਂਦਾਂ, ਨੌਂ ਚੌਕੇ, ਚਾਰ ਛੱਕੇ) ਦੇ ਅਰਧ ਸੈਂਕੜੇ ਅਤੇ ਆਪਣੇ ਕਪਤਾਨ ਮਿਸ਼ੇਲ ਮਾਰਸ਼ (37) ਅਤੇ ਗਲੇਨ ਮੈਕਸਵੈੱਲ (19) ਨਾਲ ਦੂਜੇ ਵਿਕਟ ਲਈ 81 ਦੌੜਾਂ ਦੀ ਪਾਰੀ ਖੇਡੀ। ਤੀਜੀ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਇਹ ਸੱਤ ਵਿਕਟਾਂ 'ਤੇ 181 ਦੌੜਾਂ ਹੀ ਬਣਾ ਸਕੇ। ਜਦੋਂ ਟ੍ਰੈਵਿਸ ਹੈਡ ਖੇਡ ਰਿਹਾ ਸੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਆਸਟ੍ਰੇਲੀਆ ਮੈਚ ਜਿੱਤ ਲਵੇਗਾ ਪਰ ਬੁਮਰਾਹ ਨੇ ਅਹਿਮ ਸਮੇਂ 'ਤੇ ਆ ਕੇ ਆਪਣਾ ਵਿਕਟ ਲੈ ਕੇ ਆਸਟ੍ਰੇਲੀਆ ਨੂੰ ਬੈਕ ਫੁੱਟ 'ਤੇ ਖੜ੍ਹਾ ਕਰ ਦਿੱਤਾ।
ਭਾਰਤ ਲਈ ਅਰਸ਼ਦੀਪ ਨੇ 37 ਦੌੜਾਂ ਦੇ ਕੇ ਤਿੰਨ ਵਿਕਟਾਂ ਜਦਕਿ ਕੁਲਦੀਪ ਯਾਦਵ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਅਕਸ਼ਰ ਪਟੇਲ (21 ਦੌੜਾਂ 'ਤੇ ਇਕ ਵਿਕਟ) ਅਤੇ ਜਸਪ੍ਰੀਤ ਬੁਮਰਾਹ (29 ਦੌੜਾਂ 'ਤੇ ਇਕ ਵਿਕਟ) ਨੇ ਵੀ ਇਕ-ਇਕ ਵਿਕਟ ਲਈ।
ਅਫਗਾਨਿਸਤਾਨ ਦੀ ਟੀਮ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦਰਅਸਲ, ਮੰਗਲਵਾਰ (25 ਜੂਨ) ਸਵੇਰੇ ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਮੈਚ ਹੋਵੇਗਾ। ਜੇਕਰ ਅਫਗਾਨਿਸਤਾਨ ਇਸ 'ਚ ਜਿੱਤਦਾ ਹੈ ਤਾਂ ਉਹ ਸੈਮੀਫਾਈਨਲ 'ਚ ਪਹੁੰਚ ਜਾਵੇਗਾ ਅਤੇ ਆਸਟ੍ਰੇਲੀਆ ਬਾਹਰ ਹੋ ਜਾਵੇਗਾ। ਉਥੇ ਹੀ ਜੇਕਰ ਅਫਗਾਨਿਸਤਾਨ ਹਾਰਦਾ ਹੈ ਤਾਂ ਆਸਟ੍ਰੇਲੀਆ ਸੈਮੀਫਾਈਨਲ 'ਚ ਪਹੁੰਚ ਜਾਵੇਗਾ।
ਭਾਰਤੀ ਟੀਮ ਹੁਣ 27 ਜੂਨ ਨੂੰ ਆਪਣਾ ਸੈਮੀਫਾਈਨਲ ਮੈਚ ਖੇਡੇਗੀ। ਜਿੱਥੇ ਇਸ ਦਾ ਸਾਹਮਣਾ ਗਰੁੱਪ-2 ਵਿੱਚ ਦੂਜੇ ਨੰਬਰ ਦੀ ਇੰਗਲੈਂਡ ਦੀ ਟੀਮ ਨਾਲ ਹੋਵੇਗਾ। ਇਹ ਸੈਮੀਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੂਜਾ ਸੈਮੀਫਾਈਨਲ ਵੀ 27 ਜੂਨ ਨੂੰ ਸਵੇਰੇ 6 ਵਜੇ ਹੋਵੇਗਾ। ਇਸ 'ਚ ਦੱਖਣੀ ਅਫਰੀਕਾ ਦਾ ਮੁਕਾਬਲਾ ਆਸਟ੍ਰੇਲੀਆ ਜਾਂ ਅਫਗਾਨਿਸਤਾਨ ਨਾਲ ਹੋਵੇਗਾ।