ਮਸ਼ਹੂਰ ਸੁਨਿਆਰੇ ਦੇ ਕੰਪਲੈਕਸ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਦਸਤਾਵੇਜ਼ ਜ਼ਬਤ
ਲੁਧਿਆਣਾ : ਇਨਕਮ ਟੈਕਸ ਵਿਭਾਗ ਨੇ ਅੱਜ ਸਵੇਰੇ 5 ਵਜੇ ਦੇ ਕਰੀਬ ਸਨਅਤੀ ਸ਼ਹਿਰ ਵਿਚ ਦਸਤਕ ਦਿੱਤੀ ਤੇ ਸ਼ਹਿਰ ਦੇ ਮਸ਼ਹੂਰ ਸੁਨਿਆਰੇ ਦੇ ਕੰਪਲੈਕਸ ਵਿਚ ਛਾਪੇਮਾਰੀ ਕਰਕੇ ਰਿਕਾਰਡ ਜ਼ਬਤ ਕੀਤਾ ਗਿਆ। ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਦੀਆਂ ਟੀਮਾਂ ਨੇ ਅੱਜ ਸਵੇਰੇ ਸ਼ਹਿਰ ਦੇ ਮਸ਼ਹੂਰ ਸਰਦਾਰ ਜਵੈਲਰਜ਼, ਨਿੱਕਾਮਲ ਜਵੈਲਰਜ਼, ਮਨੀ ਰਾਮ ਬਲਵੰਤ ਰਾਏ ਦੇ ਅਹਾਤੇ 'ਤੇ ਛਾਪੇਮਾਰੀ ਕੀਤੀ। ਟੀਮਾਂ ਨੇ ਉਨ੍ਹਾਂ ਦੇ ਵਪਾਰਕ ਅਦਾਰਿਆਂ, ਰਿਹਾਇਸ਼ੀ ਥਾਵਾਂ ਤੇ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ। ਫਿਲਹਾਲ ਅਧਿਕਾਰੀ ਛਾਪੇਮਾਰੀ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ 'ਚ ਲੁਧਿਆਣਾ ਤੋਂ ਇਲਾਵਾ ਜਲੰਧਰ, ਚੰਡੀਗੜ੍ਹ ਤੇ ਹੋਰ ਸ਼ਹਿਰਾਂ ਦੇ ਅਧਿਕਾਰੀ ਵੀ ਹਿੱਸਾ ਲੈ ਰਹੇ ਹਨ। ਇਸ ਦੌਰਾਨ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀ ਕਾਰੋਬਾਰੀਆਂ ਦੇ ਸਟਾਫ਼ ਤੋਂ ਵੀ ਪੁੱਛਗਿੱਛ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਜਾਇਦਾਦ ਦੀ ਵਿਕਰੀ ਤੇ ਖ਼ਰੀਦਦਾਰੀ ਦਾ ਵੇਰਵਾ ਵੀ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੰਪਿਊਟਰਾਂ 'ਚ ਫੀਡ ਡਾਟਾ ਵੀ ਡਾਊਨਲੋਡ ਕੀਤਾ ਜਾ ਰਿਹਾ ਹੈ। ਜਾਂਚ ਦੌਰਾਨ ਕਈ ਕੱਚੇ ਪਰਚਿਆਂ ਨੂੰ ਜ਼ਬਤ ਕੀਤਾ ਗਿਆ ਹੈ। ਕਾਰੋਬਾਰੀਆਂ ਦੇ ਬੈਂਕ ਖਾਤਿਆਂ ਤੇ ਲਾਕਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਟਾਕ ਦੀ ਖ਼ਰੀਦ ਵਿਕਰੀ ਨਾਲ ਮੇਲ ਖਾਂਦੀ ਜਾ ਰਹੀ ਹੈ। ਵਿਭਾਗ ਨੂੰ ਇਸ ਛਾਪੇਮਾਰੀ 'ਚ ਕਾਫੀ ਅਣਦੱਸੀ ਜਾਇਦਾਦ ਮਿਲਣ ਦੀ ਉਮੀਦ ਹੈ। ਵਿਭਾਗ ਦੀਆਂ ਟੀਮਾਂ 'ਚ ਲੁਧਿਆਣਾ ਤੋਂ ਇਲਾਵਾ ਹੋਰ ਥਾਵਾਂ ਤੋਂ ਵੀ ਆਮਦਨ ਕਰ ਦੀਆਂ ਟੀਮਾਂ ਸ਼ਾਮਲ ਹਨ।