"ਸ਼੍ਰੋਮਣੀ ਕਮੇਟੀ ਦੀਆਂ ਵੋਟਰ ਲਿਸਟਾਂ 'ਚ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਵੋਟਾਂ ਦਾ ਸ਼ਾਮਿਲ ਹੋਣਾ ਸਰਕਾਰ ਦੀ ਸਾਜਿਸ਼"

SGPC Voter List : ਬਾਠ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਪੁੱਛਿਆ ਕਿ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਬਣੀਆਂ ਲਿਸਟਾਂ ਮੁਤਾਬਿਕ ਲੋਕਾਂ ਨੇ ਇਹ ਫਾਰਮ ਭਰੇ ਸਨ ਕਿ ਨਹੀਂ? ਜੇਕਰ ਫਾਰਮ ਭਰ ਕੇ ਦਿੱਤੇ ਗਏ ਤਾਂ ਸਬੰਧਿਤ ਅਧਿਕਾਰੀਆਂ ਵੱਲੋਂ ਇਸ ਨੂੰ ਪ੍ਰਵਾਨ ਕਿਵੇਂ ਕਰ ਲਿਆ ਗਿਆ?

By  KRISHAN KUMAR SHARMA January 9th 2025 07:02 PM

ਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ) : ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਵਾਲੀਆ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਵੱਲੋਂ ਜਨਤਕ ਕੀਤੀਆਂ ਗਈਆਂ SGPC ਦੀਆਂ ਵੋਟਰ ਲਿਸਟਾਂ ਵਿਚਲੀਆਂ ਖਾਮੀਆਂ ਨੂੰ ਪੱਤਰਕਾਰਾਂ ਸਾਹਮਣੇ ਰੱਖਿਆ ਗਿਆ ਅਤੇ ਗਲਤ ਵੋਟਾਂ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ।

ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿੱਥੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪੰਜ ਸਾਲ ਦੀ ਜਗ੍ਹਾ 13 ਸਾਲ ਬਾਅਦ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਇਸ ਵਿੱਚ ਗੈਰ ਸਿੱਖਾਂ ਦੀਆਂ ਬਹੁਤ ਜਿਆਦਾ ਵੋਟਾਂ ਬਣਾ ਕੇ ਸਰਕਾਰ ਵੱਲੋਂ ਚੋਰ ਮੋਰੀ ਰਾਹੀਂ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਤੇ ਕਬਜ਼ੇ ਕਰਨ ਦੀ ਸਾਜ਼ਿਸ਼ ਨਜ਼ਰ ਆ ਰਹੀ ਹੈ।

ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ 25% ਤੋਂ ਵੱਧ ਵੋਟਾਂ ਗੈਰ ਸਿੱਖਾਂ ਦੀਆਂ ਬਣਾ ਦਿੱਤੀਆਂ ਗਈਆਂ ਜੋ ਕਿ ਸਰਕਾਰ ਦੀ ਨੀਅਤ ਤੇ ਸ਼ੱਕ ਪੈਦਾ ਕਰਦੀ ਹੈ। ਉਨਾਂ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਵੋਟਰ ਲਿਸਟ ਦਿਖਾਉਂਦਿਆਂ ਦੱਸਿਆ ਕਿ ਸੂਚੀ ਦੇ 28 ਨੰਬਰ ਪਾਰਟ ਦੇ ਵਿੱਚ ਕੁੱਲ ਵੋਟਾਂ 862 ਹਨ ਜਦੋਂ ਕਿ 256 ਗੈਰ ਸਿੱਖਾਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ। ਇਸੇ ਤਰ੍ਹਾਂ 32 ਨੰਬਰ ਪਾਰਟ ਵਿੱਚ ਕੁੱਲ ਵੋਟਾਂ 468 ਹਨ ਜਿਨਾਂ ਵਿੱਚੋਂ 90 ਵੋਟਾਂ ਗੈਰ ਸਿੱਖਾਂ ਦੀਆਂ ਹਨ। ਇਸ ਤਰ੍ਹਾਂ ਸਮੁੱਚੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਦੀ ਵੋਟਰ ਲਿਸਟ ਵਿੱਚ ਖਾਮੀਆਂ ਹੀ ਖਾਮੀਆਂ ਨਜ਼ਰ ਆਉਂਦੀਆਂ ਹਨ। ਉਹਨਾਂ ਕਿਹਾ ਇਸ ਤੋਂ ਵੱਧ ਅਫਸੋਸ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਗੈਰ ਸਿੱਖਾਂ ਜਿਨਾਂ ਵਿੱਚ ਹਿੰਦੂ ਅਤੇ ਮੁਸਲਮਾਨਾਂ ਦੀਆਂ ਵੋਟਾਂ ਵੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਿੱਚ ਬਣਾ ਦਿੱਤੀਆਂ ਗਈਆਂ ਹਨ।

ਬਾਠ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਹਨਾਂ ਲਿਸਟਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਲਈ 20 ਦਿਨ ਦਾ ਸਮਾਂ ਦਿੱਤਾ ਗਿਆ ਹੈ ਪਰ ਇੰਨੇ ਵੱਡੇ ਪੱਧਰ ਤੇ ਲਿਸਟਾਂ ਵਿੱਚ ਹੋਈ ਹੇਰ ਫੇਰ ਲਈ ਇਹ ਸਮਾਂ ਕਾਫੀ ਨਹੀਂ। ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਪੁੱਛਿਆ ਕਿ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਬਣੀਆਂ ਲਿਸਟਾਂ ਮੁਤਾਬਿਕ ਲੋਕਾਂ ਨੇ ਇਹ ਫਾਰਮ ਭਰੇ ਸਨ ਕਿ ਨਹੀਂ? ਜੇਕਰ ਫਾਰਮ ਭਰ ਕੇ ਦਿੱਤੇ ਗਏ ਤਾਂ ਸਬੰਧਿਤ ਅਧਿਕਾਰੀਆਂ ਵੱਲੋਂ ਇਸ ਨੂੰ ਪ੍ਰਵਾਨ ਕਿਵੇਂ ਕਰ ਲਿਆ ਗਿਆ? ਉਹਨਾਂ ਕਿਹਾ ਗਲਤ ਵੋਟਾਂ ਬਣਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

ਉਹਨਾਂ ਕਿਹਾ ਇਹ ਬਿਲਕੁਲ ਸਾਫ਼ ਸੀ ਕਿ ਇਸ ਫਾਰਮ ਉੱਤੇ ਫੋਟੋ ਵੀ ਲੱਗਣੀ ਚਾਹੀਦੀ ਸੀ ਤੇ ਆਧਾਰ ਕਾਰਡ ਵੀ ਲੱਗਣਾ ਸੀ। ਫਿਰ ਇਹ ਗਲਤ ਵੋਟਾਂ ਕਿਵੇਂ ਬਣ ਗਈਆਂ? ਉਹਨਾਂ ਕਿਹਾ ਇਹਨਾਂ ਗਲਤ ਵੋਟਰ ਲਿਸਟਾਂ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਕਿਸ ਨਾ ਕਿਸੇ ਗਲਤ ਤਰੀਕੇ ਨਾਲ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ।

ਕੁਲਵੰਤ ਸਿੰਘ ਬਾਠ ਨੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਲਿਸਟਾਂ ਨੂੰ ਚੈੱਕ ਕਰਕੇ ਇਸ ਸਬੰਧੀ ਆਪਣੇ ਪੱਧਰ ਤੇ ਇਕੱਠੇ ਹੋ ਕੇ ਕਾਰਵਾਈ ਕਰਨ ਤਾਂ ਜੋ ਗੁਰੂਧਾਮਾਂ ਅਤੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਉੱਪਰ ਸਰਕਾਰ ਨੂੰ ਕਬਜ਼ਾ ਕਰਨ ਤੋਂ ਰੋਕਿਆ ਜਾ ਸਕੇ। ਇਸ ਮੌਕੇ ਉਨਾਂ ਦੇ ਨਾਲ ਅਕਾਲੀ ਆਗੂ ਅਮਰਜੀਤ ਸਿੰਘ ਵਾਲੀਆ, ਕੌਂਸਲਰ ਗੁਰਿੰਦਰ ਸਿੰਘ ਬੰਟੀ ਵਾਲੀਆ, ਬਾਲੀ ਸਿੰਘ ਬਿੱਟੂ ਪੰਚ ਅਤੇ ਸੁਰਿੰਦਰ ਸਿੰਘ ਵੀ ਹਾਜ਼ਰ ਸਨ।

ਕੀ ਕਹਿਣਾ ਹੈ ਐਸ.ਡੀ.ਐਮ ਦਾ?

ਇਸ ਸਬੰਧੀ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਐਸ.ਡੀ.ਐਮ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਰ ਲਿਸਟਾਂ ਸਬੰਧੀ ਕਿਸੇ ਨੂੰ ਵੀ ਕੋਈ ਇਤਰਾਜ਼ ਹੈ ਤਾਂ ਉਹ 23 ਜਨਵਰੀ ਤੱਕ ਇਤਰਾਜ਼ ਦੇ ਸਕਦਾ ਹੈ। ਉਹਨਾਂ ਕਿਹਾ ਜੇਕਰ ਇਤਰਾਜ਼ ਸਹੀ ਪਾਏ ਗਏ ਤਾਂ ਵੋਟਰ ਲਿਸਟਾਂ ਚੋਂ ਗਲਤ ਨਾਮ ਕੱਢ ਦਿੱਤੇ ਜਾਣਗੇ। ਐਸਡੀਐਮ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਮੈਨੂੰ ਮਿਲ ਕੇ ਵੀ ਇਤਰਾਜ ਦੱਸਿਆ ਜਾ ਸਕਦਾ ਹੈ ਮੈਂ ਹਰ ਸਮੇਂ ਹਾਜ਼ਰ ਹਾਂ।

Related Post