ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਨੇ ਇਕ ਹੋਰ ਸਖ਼ਤ ਫ਼ੈਸਲਾ ਲਿਆ
ਬਾਹਰਲੇ ਦੇਸ਼ਾਂ ਵਿਚ ਕੋਰੋਨਾ ਦੇ ਕਹਿਰ ਕਾਰਨ ਭਾਰਤ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਚੀਨ, ਜਾਪਾਨ, ਹਾਂਗਕਾਂਗ, ਬੈਂਕਾਕ ਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਲਈ ਆਰਟੀਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ : ਵਿਸ਼ਵ ਪੱਧਰ 'ਤੇ ਵਧਦੇ ਕੋਰੋਨਾ ਲਾਗ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਚੀਨ, ਜਾਪਾਨ, ਹਾਂਗਕਾਂਗ, ਬੈਂਕਾਕ ਤੇ ਦੱਖਣੀ ਕੋਰੀਆ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਵਿਸਥਾਰਤ ਹੁਕਮ ਜਾਰੀ ਕਰ ਦਿੱਤੇ ਜਾਣਗੇ।
ਮਾਂਡਵੀਆ ਨੇ ਕਿਹਾ ਅਸੀਂ ਇਸ ਮੁੱਦੇ 'ਤੇ ਹਵਾਬਾਜ਼ੀ ਮੰਤਰਾਲੇ ਨਾਲ ਗੱਲ ਕਰ ਰਹੇ ਹਾਂ। ਜਿਨ੍ਹਾਂ ਯਾਤਰੀਆਂ ਦੀ ਆਰਟੀ-ਪੀਸੀਆਰ ਰਿਪੋਰਟ ਪਾਜ਼ੇਟਿਵ ਆਵੇਗੀ ਜਾਂ ਜਿਨ੍ਹਾਂ ਨੂੰ ਬੁਖ਼ਾਰ ਵਰਗੇ ਲੱਛਣ ਹੋਣਗੇ, ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾਵੇਗਾ।
ਮਾਂਡਵੀਆ ਨੇ ਸ਼ਨੀਵਾਰ ਨੂੰ ਕਿਹਾ, 'ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਅਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਲਈ ਆਰਟੀ-ਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਜੇਕਰ ਇਨ੍ਹਾਂ ਦੇਸ਼ਾਂ ਦੇ ਕਿਸੇ ਯਾਤਰੀ ਵਿੱਚ ਕੋਵਿਡ -19 ਦੇ ਲੱਛਣ ਪਾਏ ਜਾਂਦੇ ਹਨ ਜਾਂ ਉਸਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸਨੂੰ ਇਕਾਂਤਵਾਸ ਕੀਤਾ ਜਾਵੇਗਾ। ਇਸ ਦੇ ਲਈ ਹਵਾਬਾਜ਼ੀ ਮੰਤਰਾਲੇ ਨਾਲ ਗੱਲਬਾਤ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਆਉਣ ਤੋਂ ਬਾਅਦ, ਅਸੀਂ ਉਨ੍ਹਾਂ ਲੋਕਾਂ ਨੂੰ ਇਕਾਂਤਵਾਸ ਕਰਨ ਦੇ ਆਦੇਸ਼ ਜਾਰੀ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਬੁਖ਼ਾਰ ਹੈ ਜਾਂ ਕੋਵਿਡ ਟੈਸਟ ਪਾਜ਼ੇਟਿਵ ਪਾਏ ਗਏ ਹਨ। ਦੁਨੀਆ 'ਚ ਕੋਰੋਨਾ ਦੀ ਨਵੀਂ ਲਹਿਰ ਦੇ ਮੱਦੇਨਜ਼ਰ ਮੰਗਲਵਾਰ ਨੂੰ ਦੇਸ਼ ਦੇ ਸਾਰੇ ਕੋਰੋਨਾ ਹਸਪਤਾਲਾਂ ਤੇ ਸਬੰਧਤ ਯੂਨਿਟਾਂ 'ਚ ਮੌਕ ਡਰਿੱਲ ਕੀਤੀ ਜਾਵੇਗੀ।
ਇਹ ਵੀ ਪੜੋ: ਫਿਰੌਤੀ ਲੈਣ ਆਏ ਗੈਂਗਸਟਰਾਂ ਦੀ ਪੁਲਿਸ ਨਾਲ ਹੋਈ ਝੜਪ, ਇੱਕ ਗੈਂਗਸਟਰ ਪੁਲਿਸ ਅੜਿੱਕੇ
ਸਰਕਾਰ ਵੱਲੋਂ ਜਨਤਕ ਥਾਵਾਂ ਉਤੇ ਲੋਕਾਂ ਨੂੰ ਮਾਸਕ ਪਹਿਨਣ ਦੀ ਹਦਾਇਤ ਕੀਤੀ ਗਈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਵਰਗੇ ਅਭਿਆਸਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਸਿਹਤ ਮੰਤਰੀਆਂ ਨੂੰ ਦੁਨੀਆ 'ਚ ਕੋਰੋਨਾ ਇਨਫੈਕਸ਼ਨ ਦੀ ਤਾਜ਼ਾ ਸਥਿਤੀ ਦੇ ਨਾਲ-ਨਾਲ ਦੇਸ਼ ਦੇ ਅੰਦਰ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।