ਨਵੇਂ ਸਾਲ 'ਚ ਅੱਤ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਰੁਕੀ ਜ਼ਿੰਦਗੀ ਦੀ ਰਫ਼ਤਾਰ, ਹਦਾਇਤਾਂ ਜਾਰੀ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਤੇ ਅੱਤ ਦੀ ਠੰਢ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਈਵੇ ਉਤੇ ਘੱਟ ਵਿਜੀਬਿਲਟੀ ਕਾਰਨ ਹਾਦਸਿਆਂ ਦੀ ਵੀ ਸੂਚਨਾ ਮਿਲ ਰਹੀ ਹੈ।

By  Ravinder Singh January 2nd 2023 08:36 AM -- Updated: January 2nd 2023 11:03 AM

ਚੰਡੀਗੜ੍ਹ :  ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਤੇ ਠੰਢ ਦਾ ਕਹਿਰ ਨਵੇਂ ਸਾਲ ਵਿਚ ਵੀ ਜਾਰੀ ਹੈ। ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਈ ਹਿੱਸਿਆਂ ਵਿੱਚ ਅੱਜ ਸੰਘਣੀ ਧੁੰਦ ਪਈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਠੰਢ ਤੇ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਤੱਕ ਸੰਘਣੀ ਧੁੰਦ ਤੇ ਠੰਢ ਦੀ ਪੇਸ਼ੀਨਗੋਈ ਕੀਤੀ ਹੈ।


ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਰਾਤ ਦੇ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਅਗਲੇ ਦੋ ਦਿਨਾਂ ਤੱਕ ਲੋਕਾਂ ਨੂੰ ਧੁੰਦ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਅਗਲੇ ਪੰਜ ਦਿਨਾਂ 'ਚ ਦਿਨ ਅਤੇ ਰਾਤ ਦੇ ਤਾਪਮਾਨ 'ਚ ਜ਼ਿਆਦਾ ਫਰਕ ਨਹੀਂ ਹੋਵੇਗਾ। ਵੱਧ ਤੋਂ ਵੱਧ ਤਾਪਮਾਨ 17 ਤੋਂ 18 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਖਰਾਬ ਮੌਸਮ ਕਾਰਨ ਸੜਕੀ ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ। ਰੇਲਗੱਡੀਆਂ ਦੀ ਰਫ਼ਤਾਰ ਵੀ ਹੌਲੀ ਹੋ ਗਈ ਜਦਕਿ ਸੜਕੀ ਆਵਾਜਾਈ ਵੀ ਰੁਕ ਗਈ। ਪੰਜਾਬ ਵਿਚ ਲਗਭਗ 18 ਰੇਲਗੱਡੀਆਂ ਸੰਘਣੀ ਧੁੰਦ ਕਾਰਨ ਦੇਰੀ ਨਾਲ ਆਪਣੀ ਮੰਜ਼ਿਲ ਉਤੇ ਪੁੱਜ ਰਹੀਆਂ ਹਨ।

ਇਹ ਵੀ ਪੜ੍ਹੋ : ਦਿੱਲੀ 'ਚ ਕਾਰ ਸਵਾਰ ਚਾਰ ਲੜਕਿਆਂ ਨੇ ਲੜਕੀ ਨੂੰ 4 ਕਿਲੋਮੀਟਰ ਤੱਕ ਘਸੀਟਿਆ, ਦਰਦਨਾਕ ਮੌਤ

ਸੰਘਣੀ ਧੁੰਦ ਪੈਣ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਉਤੇ ਪੁੱਜਣ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਸੜਕਾਂ ਵੀ ਗਿੱਲੀਆਂ ਨਜ਼ਰ ਆਈਆਂ। ਸੜਕ 'ਤੇ ਚੱਲਣ ਵਾਲੇ ਹਰ ਵਾਹਨ ਨੂੰ ਹੈੱਡਲਾਈਟਾਂ ਨਾਲ ਚੱਲਦੇ ਦੇਖਿਆ ਗਿਆ।ਸੂਬੇ ਵਿਚ ਭਾਰੀ ਕੋਹਰੇ ਕਾਰਨ ਕਈ ਥਾਵਾਂ 'ਤੇ ਵੱਡੀਆਂ ਘਟਨਾਵਾਂ ਦੀ ਖਬਰ ਸਾਹਮਣੇ ਆ ਰਹੀ ਹੈ।

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਧੂੰਏਂ ਦਾ ਅਸਰ ਦੇਖਣ ਨੂੰ ਮਿਲਿਆ ਹੈ। ਦੁਪਹਿਰ 2:30 ਵਜੇ ਪੁਣੇ ਤੋਂ ਅੰਮ੍ਰਿਤਸਰ ਲੈਂਡ ਲਈ ਇੰਡੀਗੋ ਦੀ ਫਲਾਈਟ ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਸਵੇਰੇ 2:55 ਵਜੇ ਉਡਾਣ ਭਰਨ ਵਾਲੀ ਫਲਾਈਟ ਨੂੰ ਵੀ ਰੱਦ ਕਰ ਦਿੱਤਾ ਗਿਆ।

IX138 ਸ਼ਾਰਜਾਹ ਅੰਮ੍ਰਿਤਸਰ ਏਅਰ ਇੰਡੀਆ ਐਕਸਪ੍ਰੈਸ 1.40 ਘੰਟੇ ਦੇਰੀ ਨਾਲ ਉਤਰੀ। ਦਿੱਲੀ-ਅੰਮ੍ਰਿਤਸਰ 6E641 ਇੰਡੀਗੋ ਸਵੇਰੇ 7.05 ਵਜੇ ਲੈਂਡਿੰਗ ਕਰਨ ਲਈ 1.15 ਮਿੰਟ ਦੀ ਦੇਰੀ ਨਾਲ ਚੱਲ ਰਹੀ ਸੀ। ਮੁੰਬਈ ਤੋਂ ਅੰਮ੍ਰਿਤਸਰ ਜਾਣ ਵਾਲੀ ਇੰਡੀਗੋ ਦੀ 6E5278 ਫਲਾਈਟ ਮੁੰਬਈ ਤੋਂ 1 ਘੰਟਾ ਲੇਟ ਹੋਵੇਗੀ।

ਧੁੰਦ ਦਾ ਅਸਰ ਰੇਲ ਗੱਡੀਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ-ਅੰਮ੍ਰਿਤਸਰ ਰੂਟ 'ਤੇ ਚੱਲਣ ਵਾਲੀਆਂ ਟਰੇਨਾਂ ਪਹਿਲਾਂ ਹੀ ਅੱਧਾ ਘੰਟਾ ਦੇਰੀ ਨਾਲ ਚੱਲ ਰਹੀਆਂ ਹਨ। ਉੱਤਰੀ ਰੇਲਵੇ ਨੇ ਯਾਤਰੀਆਂ ਨੂੰ ਇਹ ਵੀ ਸੁਝਾਅ ਦਿੱਤਾ ਹੈ ਕਿ ਉਹ ਰੇਲਗੱਡੀ ਫੜਨ ਤੋਂ ਪਹਿਲਾਂ ਰੇਲਵੇ ਸੂਚਨਾ ਵੈੱਬਸਾਈਟ ਤੋਂ ਰੇਲਗੱਡੀ ਦੀ ਲਾਈਵ ਸਥਿਤੀ ਦੀ ਜਾਂਚ ਕਰਨ ਤੋਂ ਬਾਅਦ ਹੀ ਰੇਲਵੇ ਸਟੇਸ਼ਨ 'ਤੇ ਪਹੁੰਚਣ।

ਸੜਕ 'ਤੇ ਵਾਹਨ ਚਲਾਉਂਦੇ ਸਮੇਂ  ਕੁਝ ਸਾਵਧਾਨੀਆਂ ਜ਼ਰੂਰ ਰੱਖੋ

1. ਸੜਕ 'ਤੇ ਆਪਣੀ ਲੇਨ ਨਾ ਛੱਡੋ

2. ਜੇ visibility zero ਹੋਵੇ ਤਾਂ ਗੱਡੀ ਸੁਰੱਖਿਅਤ ਥਾਂ 'ਤੇ ਪਾਰਕ ਕਰੋ ਤੇ ਇੰਤਜ਼ਾਰ ਕਰੋ।

3. ਰਫ਼ਤਾਰ ਉਤੇ ਲਗਾਮ ਰੱਖੋ।

4. ਗੱਡੀ ਦੀਆਂ ਲਾਈਟਾਂ low beam 'ਤੇ ਰੱਖੋ।

5. ਦੂਜਿਆਂ ਨੂੰ ਸੁਚੇਤ ਕਰਨ ਲਈ indicators ਚਲਾ ਕੇ ਰੱਖੋ।

6. Windshields ਹਮੇਸ਼ਾਂ ਸਾਫ਼ ਰੱਖੋ ਅਤੇ ਥੋੜ੍ਹੇ-ਥੋੜ੍ਹੇ ਸਮੇਂ ਵਿੱਚ ਸ਼ੀਸ਼ੇ 'ਤੇ A.C.ਚਲਾਓ।

7.ਹਮੇਸ਼ਾ ਧਿਆਨ ਸੜਕ 'ਤੇ ਰੱਖੋ।

8.ਗੱਡੀ ਦੇ ਸ਼ੀਸ਼ੇ ਥੋੜ੍ਹੇ-ਥੋੜ੍ਹੇ ਨੀਵੇਂ ਰੱਖੋ।

Related Post