National Gatka Championship: ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਹਾਸਿਲ ਕੀਤੀ ਸ਼ਾਨਦਾਰ ਜਿੱਤ; ਲਗਾਤਾਰ ਸੱਤਵੀਂ ਵਾਰ ਬਣੇ ਜੇਤੂ
National Gatka Championship: ਗਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਸੱਤਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ 2023 ਅਸਾਮ ਸਥਿਤ ਕਰਨਬੀਰ ਨਾਬਿਨ ਚੰਦਰਾ ਇੰਡੋਰ ਸਟੇਡੀਅਮ ਵਿੱਖੇ ਕਰਵਾਈ ਗਈ, ਇਹ ਮੁਕਾਬਲਾ ਮਿਤੀ 04 ਅਗਸਤ ਤੋਂ 06 ਅਗਸਤ ਤੱਕ ਚਲਿਆ। ਜਿਸ ਵਿੱਚ ਪੰਜਾਬ ਗਤਕਾ ਐਸੋਸੀਏਸ਼ਨ ਦੀ ਟੀਮ ਨੇ ਬੇਹਦ ਹੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦਾ ਮਾਣ ਵਧਾਇਆ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਸੱਤਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿੱਚ ਭਾਰਤ ਦੇ 22 ਰਾਜਾਂ ਤੋਂ ਕਰੀਬ 1200 ਖਿਡਾਰੀਆਂ ਨੇ ਭਾਗ ਲਿਆ ਸੀ। ਅੰਡਰ- 11,14,17,19,22, 25 ਅਤੇ ਅੰਡਰ 28 ਦੇ ਲਈ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਲੜਕਿਆਂ ਦੀ ਟੀਮ ਨੇ 116 ਅੰਕ ਲੈ ਕੇ ਪਹਿਲਾ 97 ਅੰਕ ਲੈ ਕੇ ਦਿੱਲੀ ਨੇ ਦੂਸਰਾ ਅਤੇ 31 ਅੰਕਾਂ ਨਾਲ ਹਰਿਆਣਾ ਤੀਸਰੇ ਸਥਾਨ ਤੇ ਰਿਹਾ।
ਲੜਕੀਆਂ ਦੀ ਟੀਂਮ ਨੇ ਵੀ ਮਾਰੀ ਬਾਜ਼ੀ:
ਇਸੇ ਤਰ੍ਹਾਂ ਪੰਜਾਬ ਲੜਕੀਆਂ ਦੀ ਟੀਮ ਨੇ 98 ਅੰਕ ਲੈ ਕੇ ਪਹਿਲਾ 54 ਅੰਕਾਂ ਨਾਲ ਦਿੱਲੀ ਨੇ ਦੂੱਜਾ ਅਤੇ 21 ਅੰਕਾਂ ਨਾਲ ਹਰਿਆਣਾ ਤੀਸਰੇ ਸਥਾਨ ਤੇ ਰਿਹਾ। ਜਿਕਰਯੋਗ ਹੈ ਕਿ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਅਸਾਮ ਦੇ ਰਾਜਪਾਲ ਗ਼ੁਲਾਬ ਚੰਦ ਕਟਾਰੀਆ ਸ਼ਾਮਿਲ ਹੋਏ।
ਇਸ ਮੌਕੇ ਉਨ੍ਹਾਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਨਾਲ ਨਾ ਕੇਵਲ ਖਿਡਾਰੀਆਂ ਨੂੰ ਹੋਰਨਾਂ ਰਾਜਾਂ ਦੇ ਖਿਡਾਰੀਆਂ ਨਾਲ ਮੇਲ ਮੁਲਾਕਾਤ ਕਰਨ ਅਤੇ ਕੁੱਝ ਸਿੱਖਣ ਦਾ ਮੌਕਾ ਮਿਲਦਾ ਹੈ ਬਲਕਿ ਬੱਚਿਆਂ ਵਿੱਚ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਪ੍ਰਤਿਭਾ ਵੀ ਨਿੱਖਰਦੀ ਹੈ। ਇਸ ਮੌਕੇ ਜਿੱਥੇ ਅਸਾਮ ਦੇ ਵੱਖ-ਵੱਖ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਰਵਾਇਤੀ ਗਤਕੇ ਦੇ ਪ੍ਰਦਰਸ਼ਨ ਨੇ ਵੀ ਸਭ ਦਾ ਦਿਲ ਮੋਹ ਲਿਆ।
ਫੈਡਰੇਸ਼ਨ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਆਈ.ਪੀ.ਐੱਸ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਮਨਵਿੰਦਰ ਸਿੰਘ ਵਿਕੀ, ਜਗਦੀਸ਼ ਸਿੰਘ ਕੁਰਾਲੀ, ਰਘਬੀਰ ਸਿੰਘ ਡੇਹਲੋਂ, ਜਗਕਿਰਨ ਕੌਰ ਵੜੈਚ, ਜਸਵਿੰਦਰ ਸਿੰਘ ਪਾਬਲਾ ਮੌਜੂਦ ਸਨ।