ਜਲੰਧਰ : ਜਲੰਧਰ ਵਿਚ ਇਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕੈਂਟ ਹਲਕੇ ਤੋਂ ਇੰਚਾਰਜ ਦਰਮਿਆਨ ਖਿੱਚ-ਧੂਹ ਦੀ ਵੀਡੀਓ ਵਾਇਰਲ ਹੋ ਰਹੀ ਹੈ। ਸਨਮਾਨ ਵਜੋਂ ਮਾਲਾ ਪਾਉਣ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਛਿੜ ਗਿਆ। ਇਥੋਂ ਕਿ ਦੋਵਾਂ ਨੇ ਇਕ-ਦੂਜੇ ਕੋਲੋਂ ਮਾਈਕ ਝਪਟਣ ਦੀ ਵੀ ਕੋਸ਼ਿਸ਼ ਕੀਤੀ। ਮਹਾਂਨਗਰ ਵਿਚ ਸਿਆਸੀ ਸਮਾਗਮ ਦੌਰਾਨ ਕੇਂਦਰੀ ਹਲਕਾ ਵਿਧਾਇਕ ਰਮਨ ਅਰੋੜਾ ਨੇ ਕਾਂਗਰਸ ਤੇ ਭਾਜਪਾ ਦੇ ਕਈ ਆਗੂਆਂ ਤੇ ਕੌਂਸਲਰਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ।
ਇਸ ਸਮਾਗਮ ਦੌਰਾਨ ਅਜਿਹੀ ਘਟਨਾ ਵਾਪਰ ਗਈ ਜੋ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਈ। ਵਿਧਾਇਕ ਰਮਨ ਅਰੋੜਾ ਖੁਦ ਮਾਈਕ ਫੜ ਕੇ ਸ਼ਾਮਲ ਹੋਣ ਵਾਲੇ ਆਗੂਆਂ ਦੇ ਨਾਂ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕੈਂਟ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਨਾਲ ਬਹਿਸ ਹੋ ਗਈ। ਦਰਅਸਲ ਸੋਢੀ ਵੀ ਮਾਈਕ ਉਪਰ ਕੁਝ ਬੋਲਣਾ ਚਾਹੁੰਦੇ ਸਨ ਪਰ ਮਾਈਕ ਰਮਨ ਅਰੋੜਾ ਦੇ ਹੱਥ 'ਚ ਹੋਣ ਕਾਰਨ ਉਹ ਕੁਝ ਬੋਲ ਨਹੀਂ ਪਾ ਰਹੇ ਸਨ। ਅਜਿਹੇ ਵਿਚ ਭੜਕੇ ਸੁਰਿੰਦਰ ਸਿੰਘ ਸੋਢੀ ਨੇ ਵਿਧਾਇਕ ਰਮਨ ਅਰੋੜਾ ਤੋਂ ਧੱਕੇ ਨਾਲ ਮਾਈਕ ਖੋਹ ਲਿਆ, ਜਿਸ ਕਾਰਨ ਦੋਵਾਂ ਦਰਮਿਆਨ ਤਕਰਾਰ ਹੋ ਗਈ। ਇਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਬਹਿਸ ਕਾਰਨ ਮਾਹੌਲ ਤਣਾਅ ਪੂਰਨ ਹੋ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਜ਼ਿਲ੍ਹਾ ਅਦਾਲਤ ’ਚ ਬੰਬ ਦੀ ਸੂਚਨਾ, ਮਚਿਆ ਹੜਕੰਪ
ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਵੀ ਸਟੇਜ ਉਤੇ ਮੌਜੂਦ ਸਨ, ਜਿਨ੍ਹਾਂ ਨੇ ਵਿਚਾਲੇ ਪੈ ਕੇ ਮਾਮਲਾ ਠੰਢ ਕਰਵਾਇਆ। ਜਦੋਂ 'ਆਪ' ਦੇ ਪ੍ਰੋਗਰਾਮ ਵਿੱਚ ਕਾਂਗਰਸੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਸੀ ਤਾਂ ਕਾਂਗਰਸੀ ਆਗੂ ਆਪਣੇ ਨਾਲ ਇਕ ਹਾਰ ਲੈ ਕੇ ਆਏ ਸਨ ਪਰ ਇਹ ਹਾਰ ਇੰਨਾ ਵੱਡਾ ਨਹੀਂ ਸੀ ਕਿ ਸਟੇਜ 'ਤੇ ਮੌਜੂਦ ਸਾਰੇ ਲੋਕ ਇਸ ਵਿਚ ਆ ਸਕਣ। ਕੈਂਟ ਦੇ ਇੰਚਾਰਜ ਸੁਰਿੰਦਰ ਸੋਢੀ ਨੇ ਆਪਣੀ ਪੱਗ ਨੂੰ ਬਚਾਉਣ ਲਈ ਹਾਰ ਦੇ ਪਿੱਛੇ ਤੋਂ ਹੀ ਆਪਣਾ ਚਿਹਰਾ ਦਿਖਾ ਕੇ ਫੋਟੋ ਖਿਚਵਾ ਲਈ।