ਗੁਰਦਾਸਪੁਰ 'ਚ ਰਾਸ਼ਟਰੀ ਗੀਤ ਗਲਤ ਅਤੇ ਅਧੂਰਾ ਗਾਇਆ, ਆਮ ਆਦਮੀ ਪਾਰਟੀ ਦੇ ਵਰਕਰ ਅੱਧ ਵਿਚਾਲੇ ਹੀ ਭੁੱਲ ਗਏ
ਆਜ਼ਾਦੀ ਦਿਹਾੜੇ 'ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਦੀਨਾਨਗਰ 'ਚ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ 'ਚ ਇਕ ਵਰਕਰ ਨੇ ਗਲਤ ਅਤੇ ਅਧੂਰੇ ਢੰਗ ਨਾਲ ਰਾਸ਼ਟਰੀ ਗੀਤ ਦਾ ਉਚਾਰਨ ਕੀਤਾ।
ਆਜ਼ਾਦੀ ਦਿਹਾੜੇ 'ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਦੀਨਾਨਗਰ 'ਚ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ 'ਚ ਇਕ ਵਰਕਰ ਨੇ ਗਲਤ ਅਤੇ ਅਧੂਰੇ ਢੰਗ ਨਾਲ ਰਾਸ਼ਟਰੀ ਗੀਤ ਦਾ ਉਚਾਰਨ ਕੀਤਾ। ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਦੀਨਾਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਅਤੇ ਦੀਨਾਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ।
ਜਦੋਂ ਸ਼ਮਸ਼ੇਰ ਸਿੰਘ ਤੈਅ ਪ੍ਰੋਗਰਾਮ ਅਨੁਸਾਰ ਸਵੇਰੇ 8 ਵਜੇ ਪੁੱਜੇ ਤਾਂ ਪਾਰਟੀ ਵਰਕਰ ਪਰਮਿੰਦਰ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਸ਼ੁਰੂ ਕਰ ਦਿੱਤਾ। ਸ਼ਮਸ਼ੇਰ ਸਿੰਘ ਨੇ ਜਿਵੇਂ ਹੀ ਰਾਸ਼ਟਰੀ ਝੰਡਾ ਲਹਿਰਾਇਆ ਤਾਂ ਪਰਮਿੰਦਰ ਸਿੰਘ ਨੇ ਖੁਦ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਪਰ ਉਹ ਸ਼ਬਦਾਂ ਦਾ ਗਲਤ ਉਚਾਰਨ ਕਰਕੇ ਰਾਸ਼ਟਰੀ ਗੀਤ ਨੂੰ ਅੱਧ ਵਿਚਾਲੇ ਹੀ ਭੁੱਲ ਗਿਆ ਅਤੇ ਅੱਧੇ ਮਨ ਨਾਲ ਗਲਤ ਉਚਾਰਨ ਨਾਲ ਰਾਸ਼ਟਰੀ ਗੀਤ ਨੂੰ ਖਤਮ ਕਰ ਦਿੱਤਾ। ਰਾਸ਼ਟਰੀ ਗੀਤ ਦੇ ਗਲਤ ਉਚਾਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਜਿਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਨਗਰ ਕੌਂਸਲ ਦੀਨਾਨਗਰ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਵਿਜੇ ਮਹਾਜਨ ਨੇ ਇਸ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਰਾਸ਼ਟਰੀ ਗੀਤ ਸਾਡੇ ਦੇਸ਼ ਦੀ ਸ਼ਾਨ ਦਾ ਪ੍ਰਤੀਕ ਹੈ। ਇਸ ਦਾ ਗਲਤ ਉਚਾਰਨ ਕੋਡ ਦੇ ਵਿਰੁੱਧ ਹੈ। ਇੱਕ ਵਰਕਰ ਵੱਲੋਂ ਇਸ ਦੇ ਗਲਤ ਉਚਾਰਨ ਕਾਰਨ ਸਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸ ਨੂੰ ਇਸ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ।