ਅਜਨਾਲਾ 'ਚ ਨਾਬਾਲਿਗ ਕੁੜੀ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਨੇ ਖ਼ੁਦ ਨੂੰ ਵੀ ਮਾਰੀ ਗੋਲੀ, ਇਹ ਹੈ ਵਜ੍ਹਾ
ਅਜਨਾਲਾ: ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਇੱਕ ਪਿੰਡ 'ਚ ਨੌਜਵਾਨ ਵੱਲੋਂ ਇੱਕ ਨਾਬਾਲਿਗ ਕੁੜੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 23 ਸਾਲਾ ਨੌਜਵਾਨ ਵੱਲੋਂ ਮਹਿਜ਼ 13 ਸਾਲ ਦੀ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸਤੋਂ ਬਾਅਦ ਨਾਬਾਲਿਗ ਲੜਕੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਨੌਜਵਾਨ ਦਲਬੀਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ।
ਗੋਲੀ ਲੱਗਣ ਕਰਕੇ ਗੰਭੀਰ ਰੂਪ 'ਚ ਹੋਇਆ ਦਲਬੀਰ ਸਿੰਘ ਨੂੰ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਇੰਸਪੈਕਟਰ ਮੁਖਤਿਆਰ ਸਿੰਘ ਦੁਆਰਾ ਸਿਵਲ ਹਸਪਤਾਲ ਅਜਨਾਲਾ ਵਿੱਚ ਦਾਖ਼ਲ ਕਰਵਾਇਆ ਗਿਆ।
ਐੱਸ.ਐੱਚ.ਓ ਅਜਨਾਲਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਘਟਨਾ ਵਾਲੀ ਜਗ੍ਹਾ ਤੇ ਪਹੁੰਚੀ ਤਾਂ ਪਤਾ ਚੱਲਿਆ ਕਿ ਇਸ ਨੌਜਵਾਨ ਦਾ ਖ਼ੂਨ ਵਹਿ ਰਿਹਾ ਸੀ ਅਤੇ ਇਸ ਕੋਲ ਹਥਿਆਰ ਵੀ ਮੌਜੂਦ ਸੀ। ਜੋ ਕਿ ਪੁਲਿਸ ਨੇ ਬਰਾਮਦ ਕਰ ਲਿਆ।
ਉਨ੍ਹਾਂ ਦੱਸਿਆ ਕਿ ਇਹ ਉਹੀ ਹਥਿੁਆਰ ਹੈ ਜਿਸ ਨਾਲ਼ ਦਲਬੀਰ ਸਿੰਘ ਨੇ ਨਾਬਾਲਿਗ ਨੂੰ ਅਤੇ ਖ਼ੁਦ ਨੂੰ ਗੋਲੀ ਮਾਰੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਨੌਜਵਾਨ ਮ੍ਰਿਤਕ ਕੁੜੀ ਦਾ ਪਿਛਲੇ ਕਾਫ਼ੀ ਸਮੇਂ ਤੋਂ ਪਿੱਛਾ ਕਰ ਰਿਹਾ ਸੀ। ਅਤੇ ਉਸ ਨਾਲ਼ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰੰਤੂ ਲੜਕੀ ਦੇ ਮਾਪੇ ਇਸ ਨਾਲ਼ ਸਹਿਮਤ ਨਹੀਂ ਸਨ। ਜਿਸ ਕਰਕੇ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।