ਜਲੰਧਰ ਜ਼ਿਮਨੀ ਚੋਣ 'ਚ ਜਿੱਤ ਮਗਰੋਂ ਸਰਕਾਰ ਦੀ ਪਲੇਠੀ ਕੈਬਨਿਟ ਮੀਟਿੰਗ ਦੇ ਅਹਿਮ ਫੈਸਲੇ
ਜਲੰਧਰ: ਜਲੰਧਰ ਜ਼ਿਮਨੀ ਚੋਣ 'ਚ ਜਿੱਤ ਮਗਰੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਕੈਬਨਿਟ ਮੀਟਿੰਗ ਵੀ ਜਲੰਧਰ 'ਚ ਹੀ ਹੋਈ। ਜਿਸ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਕੈਬਨਿਟ ਮੀਟਿੰਗ ਲੁਧਿਆਣੇ ਹੋਈ ਸੀ ਅਤੇ ਹੁਣ ਜਲੰਧਰ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ 'ਆਪ' ਸਰਕਾਰ ਸੂਬੇ ਭਰ 'ਚ ਲੋੜ ਅਨੁਸਾਰ ਵੱਖ ਵੱਖ ਸ਼ਹਿਰਾਂ 'ਚ ਕੈਬਨਿਟ ਵਜ਼ਾਰਤ ਕਰਵਾਉਂਦਾ ਰਹੇਗਾ ਤਾਂ ਜੋ ਆਮ ਲੋਕਾਂ ਨਾਲ ਜੁੜਨ ਦਾ ਮੌਕਾ ਮਿਲ ਸਕੇ। ਜਿਸ ਮਗਰੋਂ ਅਫ਼ਸਰਸ਼ਾਹੀ ਆਮ ਜਨਤਾ ਨੂੰ ਰੂਬਰੂ ਹੋ ਉਨ੍ਹਾਂ ਦੀ ਪਰੇਸ਼ਾਨੀਆਂ ਸੁਣੇਗੀ ਅਤੇ ਨਿਯਮ ਮੁਤਾਬ ਹੱਲ ਕਰੇਗੀ। ਇਸ ਲਈ ਉਨ੍ਹਾਂ ਇਸ ਪਹਿਲ ਨੂੰ ਨਾਮ ਵੀ ਦਿੱਤਾ 'ਸਰਕਾਰ ਤੁਹਾਡੇ ਦੁਆਰ'।
ਇਸ ਦਰਮਿਆਨ ਸਭ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਜੇਤੂ ਉਮੀਦਵਾਰ ਨੂੰ ਨਾਲ ਲੈ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ, ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਉਨ੍ਹਾਂ ਨੂੰ ਹੋਰ ਚੰਗਾ ਕੰਮ ਕਰਨ 'ਚ ਹੁਲਾਰਾ ਮਿਲਿਆ ਹੈ।
ਆਬਕਾਰੀ ਵਿਭਾਗ 'ਚ 18 ਨਵੀਆਂ ਪੋਸਟਾਂ
ਕੈਬਨਿਟ ਮੀਟਿੰਗ 'ਚ ਲਏ ਫੈਸਲਿਆਂ 'ਚ ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ 'ਚ 18 ਨਵੀਆਂ ਪੋਸਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਵੇਂ ਤਾਂ ਆਬਕਾਰੀ ਵਿਭਾਗ 'ਚ ਖ਼ਾਸਾ ਅਮਲਾ ਮੌਜੂਦ ਹੈ ਪਰ ਜੋ ਬੀਤੇ ਦਿਨਾਂ 'ਚ ਵਿਭਾਗ ਨੂੰ ਮੁਨਾਫ਼ਾ ਹੋਇਆ ਉਸ ਨਾਲ ਵਿਭਾਗ ਦੀ ਕਾਰਗੁਜ਼ਾਰੀ ਲਈ ਹੋਰ ਮੁਲਾਜ਼ਮਾਂ ਦੀ ਲੋੜ ਹੈ। ਜਿਸ ਲਈ 18 ਨਵੀਆਂ ਅਸਾਮੀਆਂ ਬਣਾਈਆਂ ਜਾਣਗੀਆਂ।
ਆਯੂਰਵੈਦ ਦੇ ਵਿਕਾਸ ਲਈ ਅਹਿਮ ਫੈਸਲਾ ਲਿਆ
ਇੱਕ ਹੋਰ ਵੱਡੇ ਫੈਸਲੇ 'ਚ ਪਟਿਆਲੇ ਦੇ ਸਰਕਾਰੀ ਆਯੂਰਵੈਦਿਕ ਕਾਲਜ, ਸਰਕਾਰੀ ਆਯੂਰਵੈਦਿਕ ਹਸਪਤਾਲ ਅਤੇ ਸਰਕਾਰੀ ਆਯੂਰਵੈਦਿਕ ਫਾਰਮੇਸੀ ਨੂੰ ਹੁਸ਼ਿਆਰਪੁਰ ਦੇ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਨੂੰ ਸੌਂਪਣ ਦਾ ਫੈਸਲਾ ਕੀਤਾ, ਜਿਸ ਮਗਰੋਂ ਹੁਣ ਇਹ ਮਰਜ ਹੋ ਜਾਣਗੇ, ਅਰਥ ਪਟਿਆਲਾ ਦੇ ਇਹ ਸਰਕਾਰੀ ਵਿਭਾਗ ਹੁਸ਼ਿਆਰਪੁਰ ਦੀ ਯੂਨੀਵਰਸਿਟੀ ਦੇ ਅਧੀਨ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਆਯੂਰਵੈਦ ਨੂੰ ਹੋਰ ਹੁਲਾਰਾ ਮਿਲੇਗਾ।
ਮਾਲ ਪਟਵਾਰੀਆਂ ਦੀ ਸਿਖਲਾਈ ਦਾ ਸਮਾਂ ਘਟਾਇਆ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਮਾਲ ਪਟਵਾਰੀਆਂ ਜਿਨ੍ਹਾਂ ਦੀ ਸਿਖਲਾਈ ਦਾ ਪਹਿਲਾ ਸਮਾਂ ਡੇਢ ਸਾਲ ਸੀ ਅਤੇ ਜਿਸਨੂੰ ਉਨ੍ਹਾਂ ਦੀ ਪ੍ਰੋਬੇਸ਼ਨ 'ਚ ਵੀ ਗਿਣੀਆਂ ਨਹੀਂ ਜਾਂਦਾ ਸੀ। ਹੁਣ ਤੋਂ ਉਨ੍ਹਾਂ ਦੀ ਸਿਖਲਾਈ ਦਾ ਸਮਾਂ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੁਣ ਤੋਂ ਉਨ੍ਹਾਂ ਦੀ ਸਿਖਲਾਈ ਦਾ ਸਮਾਂ ਵੀ ਉਨ੍ਹਾਂ ਦੇ ਪ੍ਰੋਬੇਸ਼ਨ ਪੀਰੀਅਡ 'ਚ ਗਿਣਿਆ ਜਾਵੇਗਾ। ਜਿਸਦਾ ਅਰਥ ਹੈ ਵੀ ਹੁਣ ਤੋਂ ਮਾਲ ਪਟਵਾਰੀਆਂ ਦੇ ਸਿਖਲਾਈ ਦਾ ਪਹਿਲਾ ਦਿਨ ਉਨ੍ਹਾਂ ਦੀ ਨੌਕਰੀ ਦਾ ਪਹਿਲਾ ਦਿਨ ਗਿਣਿਆ ਜਾਵੇਗਾ।
ਇੱਕੋ ਤਨਖ਼ਾਹ ਦੇਣ ਦਾ ਫੈਸਲਾ
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਪਸ਼ੂ ਪਾਲਣ ਵਿਭਾਗ ਨੂੰ ਵਾਪਿਸ ਮਿਲੇ 582 ਵੈਟਨਰੀ ਹਸਪਤਾਲਾਂ 'ਚ ਬਤੌਰ ਸਰਵਿਸ ਪ੍ਰੋਵਾਇਡਰ ਕੰਮ ਕਰਨ ਵਾਲੇ 497 ਕਰਮੀਆਂ ਨੂੰ ਹੁਣ ਤੋਂ ਬਰਾਬਰ ਤਨਖ਼ਾਹ ਮਿਲੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀ ਅਣਗੌਲੀ ਦਾ ਸਦਕਾ ਕੁਝ ਮੁਲਾਜ਼ਮ ਤਾਂ ਘਟੋ ਘੱਟ ਤਨਖ਼ਾਹ 'ਤੇ ਕੰਮ ਕਰ ਰਹੇ ਸਨ ਜਦਕਿ ਕਈ ਤਾਂ ਉਸਤੋਂ ਵੀ ਘੱਟ ਤਨਖ਼ਾਹ 'ਤੇ ਕੰਮ ਕਰਨ ਨੂੰ ਮਜਬੂਰ ਸਨ। ਜਿਨ੍ਹਾਂ ਨੂੰ ਹੁਣ ਤੋਂ ਘਟੋ ਘੱਟ ਤਨਖ਼ਾਹ ਮਿਲਣਾ ਲਾਜ਼ਮੀ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੇ ਨਾਲ ਹੀ ਉਨ੍ਹਾਂ ਦੀ ਸੇਵਾਵਾਂ 'ਚ ਇੱਕ ਸਾਲ ਦਾ ਵਾਧਾ ਵੀ ਕਰ ਦਿੱਤਾ ਗਿਆ।
GADVASU ਦੇ ਮਾਸਟਰ ਕੇਡਰ ਦੇ ਮੁਲਾਜ਼ਮਾਂ ਨੂੰ ਤੌਫਾ
CM ਭਗਵੰਤ ਮਾਨ ਨੇ ਦੱਸਿਆ ਕਿ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦਾ ਜਿਨ੍ਹਾਂ ਵੀ ਮਾਸਟਰ ਕੇਡਰ ਅਤੇ ਉਸਦੇ ਬਰਾਬਰ ਦਾ ਅਮਲਾ ਹੈ, ਉਨ੍ਹਾਂ ਸਾਰਿਆਂ ਨੂੰ ਹੁਣ ਤੋਂ UGC ਦੇ ਸੋਧੇ ਹੋਏ ਨਿਯਮਾਂ ਦੇ ਮੁਤਾਬਕ ਤਨਖ਼ਾਹ ਮਿਲੇਗੀ।
ਇਸਦੇ ਨਾਲ ਹੀ ਮੁੱਖ ਮੰਤਰੀ ਨੇ ਇੱਕ ਨਵਾਂ ਵਾਅਦਾ ਕਰਦਿਆਂ ਕਿਹਾ ਕਿ ਇਸਤੋਂ ਬਾਅਦ ਅਗਲੀ ਵਾਰੀ PTU ਦੀ ਹੋਵੇਗੀ। ਉਨ੍ਹਾਂ ਕਿਹਾ ਕਿ PTU ਮੁਲਾਜ਼ਮਾਂ ਨੂੰ ਵੀ UGC ਦੇ ਸੋਧੇ ਨਿਯਮਾਂ ਮੁਤਾਬਲ ਤਨਖ਼ਾਹ ਮਿਲੇ ਇਸ 'ਤੇ ਸਰਕਾਰ ਕੰਮ ਕਰ ਜਲਦ ਹੀ ਇਸਦਾ ਐਲਾਨ ਕਰੇਗੀ।
ਮਾਨਸਾ ਦੇ ਗੋਬਿੰਦਪੂਰਾ 'ਚ ਨਵਿਆਉਣਯੋਗ ਐਨਰਜੀ ਪਲਾਂਟ
ਮੁੱਖ ਮੰਤਰੀ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਗੋਬਿੰਦਪੂਰਾ 'ਚ ਜਿਥੇ ਜ਼ਮੀਨ ਦਾ ਇੱਕ ਟੁੱਕੜਾ ਬਿਜਲੀ ਬਣਾਉਣ ਵਾਸਤੇ ਕਬਜ਼ਾ ਕੀਤਾ ਗਿਆ ਸੀ, ਪਰ ਉਥੇ ਕਾਫ਼ੀ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੀ ਅਣਗੌਲੀ ਕਰਕੇ ਕੁਝ ਵਿਕਾਸ ਨਹੀਂ ਹੋ ਪਾਇਆ। ਜਿਸਤੋਂ ਬਾਅਦ ਹੁਣ ਮਾਨ ਸਰਕਾਰ ਨੇ ਇਸ ਜ਼ਮੀਨ 'ਤੇ ਸੋਲਰ ਅਤੇ ਨਵਿਆਉਣਯੋਗ ਊਰਜਾ ਪਲਾਂਟ ਲਗਾਉਣ ਦੀ ਮਜ਼ੂਰੀ ਦੇ ਦਿੱਤੀ ਹੈ।
95 ਕਰੋੜ 16 ਲੱਖ ਜਲੰਧਰ ਦੇ ਵਿਕਾਸ ਲਈ
CM ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਜਿਹੜਾ ਫ਼ਤਵਾ ਦੇ ਉਨ੍ਹਾਂ ਦੀ ਸਰਕਾਰ 'ਤੇ ਭਰੋਸਾ ਵਿਖਾਇਆ ਹੈ। ਉਸਨੂੰ ਵੇਖਦਿਆਂ ਅੱਜ ਜਲੰਧਰ ਦੇ ਮਿਉਂਸਿਪਲ ਕਮਿਸ਼ਨਰ ਨੂੰ ਜਲੰਧਰ ਸ਼ਹਿਰ ਦੇ ਵਿਕਾਸ ਲਈ 95 ਕਰੋੜ ਅਤੇ 16 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਨੇ ਤਾਂ ਜੋ ਸ਼ਹਿਰ ਨੂੰ ਹੋਰ ਚਮਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪੈਸਾ ਸੜਕਾਂ ਦੀ ਮੁਰੰਮਤ, ਨਵੀਆਂ ਸੜਕਾਂ ਦੇ ਵਿਕਾਸ, ਸਟ੍ਰੀਟ ਲਾਈਟਾਂ, ਸੀਵਰੇਜ ਜਾਂ ਕੁੜੇ ਦੇ ਢੇਰਾਂ ਨੂੰ ਠੀਕ ਕਰਨ ਲਈ ਵਰਤਣਾ ਹੋਵੇ, ਉਸ ਦੀ ਪਹਿਲੀ ਕਿਸ਼ਤ ਅੱਜ ਜਾਰੀ ਕਰ ਦਿੱਤੀ ਗਈ ਹੈ।
ਆਦਮਪੁਰ ਸੜਕ ਸੰਘਰਸ਼ ਕਮੇਟੀ
ਇਸਦੇ ਨਾਲ ਹੀ CM ਮਾਨ ਨੇ ਦੱਸਿਆ ਕਿ ਆਦਮਪੁਰ ਸੜਕ ਜਿਸਦਾ ਵਿਕਾਸ ਠੇਕੇਦਾਰ ਦੇ ਭੱਜਣ ਕਰਕੇ ਅੱਧ ਵਿਚਕਾਰ ਲੱਟਕਿਆ ਹੋਇਆ ਅਤੇ ਜਿਸਦੇ ਨਿਰਮਾਣ ਲਈ ਸੰਘਰਸ਼ ਕਮੇਟੀ ਵੀ ਗਠਿਤ ਕੀਤੀ ਗਈ ਹੈ। CM ਮਾਨ ਨੇ ਕਿਹਾ ਕਿ ਉਸਦਾ ਵਿਕਾਸ ਕਾਰਜ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਅਤੇ ਆਉਣ ਵਾਲੇ ਸਤੰਬਰ ਮਹੀਨੇ ਤੱਕ ਇਸ ਸੜਕ ਦਾ ਵਿਕਾਸ ਪੂਰਾ ਕਰ ਦਿੱਤਾ ਜਾਵੇਗਾ।