ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਨਾ ਸਿੱਖ ਮਰਯਾਦਾ ਦੇ ਉਲਟ- ਐਡਵੋਕੇਟ ਧਾਮੀ

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੰਧੀ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਵੱਡੀ ਸ਼ਰਧਾ ਰੱਖਦਾ ਹੈ ਅਤੇ ਉਨ੍ਹਾਂ ਨਾਲ ਸਬੰਧਤ ਦਿਹਾੜਿਆਂ ਨੂੰ ਵੀ ਮਨਾਉਂਦਾ ਹੈ

By  Amritpal Singh November 20th 2024 06:13 PM

ਅੰਮ੍ਰਿਤਸਰ- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਮਾਰਨ ਵਾਲੀ ਵਾਇਰਲ ਹੋ ਰਹੀ ਵੀਡੀਓ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਪੜਤਾਲ ਦੇ ਆਦੇਸ਼ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿਚ ਸਿੰਧੀ ਭਾਈਚਾਰੇ ਵੱਲੋਂ ਕੀਤੇ ਗਏ ਇਕ ਸਮਾਗਮ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਸਖ਼ਤ ਮਨਾਹੀ ਹੈ ਅਤੇ ਇਸ ਵੀਡੀਓ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ। 

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੰਧੀ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਵੱਡੀ ਸ਼ਰਧਾ ਰੱਖਦਾ ਹੈ ਅਤੇ ਉਨ੍ਹਾਂ ਨਾਲ ਸਬੰਧਤ ਦਿਹਾੜਿਆਂ ਨੂੰ ਵੀ ਮਨਾਉਂਦਾ ਹੈ, ਪਰੰਤੂ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਤੇ ਮਰਯਾਦਾ ਦਾ ਖ਼ਿਆਲ ਰੱਖਣਾ ਸਾਰਿਆਂ ਲਈ ਬੇਹੱਦ ਜ਼ਰੂਰੀ ਹੈ। ਕਿਸੇ ਨੂੰ ਵੀ ਗੁਰੂ ਸਾਹਿਬਾਨ ਦੀ ਨਕਲ ਕਰਨ ਅਤੇ ਮਰਯਾਦਾ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। 

ਉਨ੍ਹਾਂ ਕਿਹਾ ਕਿ ਇਸ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਮੱਧ ਪ੍ਰਦੇਸ਼ ਵਿਖੇ ਚੱਲ ਰਹੇ ਸਿੱਖ ਮਿਸ਼ਨ ਓਜੈਨ ਦੇ ਪ੍ਰਚਾਰਕਾਂ ਨੂੰ ਪੜਤਾਲ ਕਰਕੇ ਮੁਕੰਮਲ ਰਿਪੋਰਟ ਦੇਣ ਲਈ ਕਿਹਾ ਗਿਆ ਹੈ, ਜਿਸ ਦੀ ਰਿਪੋਰਟ ਪ੍ਰਾਪਤ ਹੋਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ।

Related Post