Hyderabad Fire Crackers Blast : ਹੈਦਰਾਬਾਦ ਚ ਗੈਰ-ਕਾਨੂੰਨੀ ਪਟਾਕਿਆਂ ਦੀ ਦੁਕਾਨ ਚ ਲੱਗੀ ਭਿਆਨਕ ਅੱਗ, ਇਕ ਰੈਸਟੋਰੈਂਟ ਤੇ ਕਰੀਬ 8 ਕਾਰਾਂ ਸੜ ਕੇ ਸੁਆਹ, ਇੱਕ ਔਰਤ ਜ਼ਖਮੀ
ਤੇਲੰਗਾਨਾ ਦੇ ਹੈਦਰਾਬਾਦ 'ਚ ਪਟਾਕਿਆਂ ਦੀ ਦੁਕਾਨ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ 'ਚ ਰੱਖੇ ਪਟਾਕਿਆਂ ਨੂੰ ਅੱਗ ਲੱਗ ਗਈ ਅਤੇ ਫਿਰ ਧਮਾਕਾ ਹੋ ਗਿਆ।
Hyderabad Fire Crackers Blast : ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ, ਅਜਿਹੇ 'ਚ ਪਟਾਕਿਆਂ ਦੀ ਵੀ ਜ਼ੋਰਾਂ-ਸ਼ੋਰਾਂ ਨਾਲ ਵਿਕਰੀ ਹੋ ਰਹੀ ਹੈ। ਪਰ ਐਤਵਾਰ ਸ਼ਾਮ ਨੂੰ ਹੈਦਰਾਬਾਦ ਦੇ ਸੁਲਤਾਨ ਬਾਜ਼ਾਰ ਇਲਾਕੇ 'ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਗੈਰ-ਕਾਨੂੰਨੀ ਪਟਾਕਿਆਂ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ ਹੈ। ਇਸ ਕਾਰਨ ਮੌਕੇ ’ਤੇ ਹਫੜਾ-ਦਫੜੀ ਮੱਚ ਗਈ। ਧਮਾਕੇ ਤੋਂ ਬਾਅਦ ਅੱਗ ਪੂਰੀ ਇਮਾਰਤ ਵਿਚ ਫੈਲ ਗਈ। ਨੇੜੇ-ਤੇੜੇ ਦੀਆਂ ਕੁਝ ਗੱਡੀਆਂ ਨੂੰ ਵੀ ਅੱਗ ਲੱਗ ਗਈ।
ਕੀ ਹੈ ਪੂਰਾ ਮਾਮਲਾ ?
ਹੈਦਰਾਬਾਦ ਦੇ ਸੁਲਤਾਨ ਬਾਜ਼ਾਰ ਇਲਾਕੇ 'ਚ ਪਾਰਸ ਫਾਇਰ ਵਰਕਸ ਦੇ ਨਾਂ ਨਾਲ ਪਟਾਕਿਆਂ ਦੀ ਦੁਕਾਨ ਹੈ। ਇਸ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਇੱਕ ਤੋਂ ਬਾਅਦ ਇੱਕ ਸਾਰੇ ਪਟਾਕੇ ਫਟਣ ਲੱਗੇ। ਅਚਾਨਕ ਪਟਾਕਿਆਂ ਦੀ ਤੇਜ਼ ਆਵਾਜ਼ ਸੁਣ ਕੇ ਇਲਾਕੇ 'ਚ ਹਫੜਾ-ਦਫੜੀ ਮਚ ਗਈ ਅਤੇ ਦੁਕਾਨ ਦੇ ਅੰਦਰ ਬੈਠੇ ਗਾਹਕ ਇਧਰ-ਉਧਰ ਭੱਜਣ ਲੱਗੇ। ਇਸ ਦੌਰਾਨ ਇਕ ਔਰਤ ਵੀ ਜ਼ਖਮੀ ਹੋ ਗਈ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਅੱਗ ਇੰਨੀ ਭਿਆਨਕ ਸੀ ਕਿ ਇੱਕ ਰੈਸਟੋਰੈਂਟ ਅਤੇ ਕਈ ਕਾਰਾਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ। ਅੱਗ ਲੱਗਣ ਕਾਰਨ ਇੱਕ ਰੈਸਟੋਰੈਂਟ ਅਤੇ 7-9 ਕਾਰਾਂ ਸੜ ਕੇ ਸੁਆਹ ਹੋ ਗਈਆਂ।
ਏਸੀਪੀ ਸੁਲਤਾਨ ਬਜ਼ਾਰ ਕੇ ਸ਼ੰਕਰ ਨੇ ਦੱਸਿਆ ਕਿ ਅੱਗ ਰਾਤ 10.30-10.45 ਵਜੇ ਦੇ ਕਰੀਬ ਕਾਬੂ ਕਰ ਲਈ ਗਈ। ਭਿਆਨਕ ਅੱਗ ਦੇ ਕਾਰਨ ਇੱਕ ਰੈਸਟੋਰੈਂਟ ਪੂਰੀ ਤਰ੍ਹਾਂ ਸੜ ਗਿਆ। 7-8 ਕਾਰਾਂ ਸੜ ਗਈਆਂ ਹਨ। ਇੱਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪਟਾਕਿਆਂ ਦੀ ਦੁਕਾਨ ਦਾ ਨਾਂ ਪਾਰਸ ਫਾਇਰਵਰਕਸ ਹੈ। ਦੁਕਾਨ ਦਾ ਕੋਈ ਸਰਟੀਫਿਕੇਟ ਨਹੀਂ ਹੈ। ਇਹ ਗੈਰ-ਕਾਨੂੰਨੀ ਦੁਕਾਨ ਸੀ। ਅਸੀਂ ਉਨ੍ਹਾਂ ਖਿਲਾਫ ਕਾਰਵਾਈ ਕਰਾਂਗੇ। ਜੇਕਰ ਇਹ ਰਿਹਾਇਸ਼ੀ ਇਲਾਕਾ ਹੁੰਦਾ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਸੀ।