ਲੁਧਿਆਣਾ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਪਤੀ-ਪਤਨੀ, ਪਰਿਵਾਰ ਨੇ ਇਮੀਗ੍ਰੇਸ਼ਨ ਕੰਪਨੀ 'ਤੇ ਲਾਇਆ ਧੋਖਾਧੜੀ ਦਾ ਆਰੋਪ

Ludhiana News : ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਮੌਜੂਦ ਹਨ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਦੋਵੇਂ ਪਤੀ-ਪਤਨੀ ਇਮੀਗ੍ਰੇਸ਼ਨ ਕੰਪਨੀ ਦੀ ਧੋਖਾਧੜੀ ਨੂੰ ਲੈ ਕੇ ਟੈਂਕੀ ਉਪਰ ਚੜ੍ਹ ਕੇ ਰੋਸ ਕਰ ਰਹੇ ਹਨ।

By  KRISHAN KUMAR SHARMA August 12th 2024 02:08 PM -- Updated: August 12th 2024 02:39 PM

GlobalWay Immigration Services : ਲੁਧਿਆਣਾ 'ਚ ਇੱਕ ਪਤੀ-ਪਤਨੀ ਵੱਲੋਂ ਹੰਗਾਮਾ ਕੀਤੇ ਜਾਣ ਦੀ ਖਬਰ ਹੈ। ਦੋਵੇਂ ਪਤੀ-ਪਤਨੀ ਵੱਲੋਂ ਹੰਗਾਮਾ ਕਰਦੇ ਹੋਏ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਪ੍ਰਸ਼ਾਸਨ ਨੂੰ ਵਖਤ ਪਾਇਆ ਹੋਇਆ ਹੈ। ਸੂਚਨਾ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚਿਆ ਹੋਇਆ ਸੀ ਅਤੇ ਦੋਵਾਂ ਨੂੰ ਟੈਂਕੀ ਤੋਂ ਉਤਰਨ ਲਈ ਕਿਹਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਮੌਜੂਦ ਹਨ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਦੋਵੇਂ ਪਤੀ-ਪਤਨੀ ਇਮੀਗ੍ਰੇਸ਼ਨ ਕੰਪਨੀ ਦੀ ਧੋਖਾਧੜੀ ਨੂੰ ਲੈ ਕੇ ਟੈਂਕੀ ਉਪਰ ਚੜ੍ਹ ਕੇ ਰੋਸ ਕਰ ਰਹੇ ਹਨ।

ਵਾਕਿਆ ਲੁਧਿਆਣਾ ਦੇ ਅਸ਼ਮੀਤ ਚੌਕ ਸਥਿਤ ਟੈਂਕੀ ਦਾ ਹੈ। ਪਰਿਵਾਰਕ ਮੈਂਬਰ ਗੁਰਮੇਲ ਸਿੰਘ ਨੇ ਦੋਵੇਂ ਪਤੀ-ਪਤਨੀ ਮੇਰਾ ਮੁੰਡਾ ਅਤੇ ਮੇਰੀ ਨੂੰਹ ਹਨ। ਉਨ੍ਹਾਂ ਕਿਹਾ ਕਿ ਸਾਲ ਦੇ ਪਹਿਲੇ ਮਹੀਨੇ ਵਿੱਚ ਲੁਧਿਆਣਾ ਦੀ GlobalWay Immigration Services ਇਮੀਗ੍ਰੇਸ਼ਨ ਕੰਪਨੀ ਕੋਲ ਦੋਵੇਂ ਪਤੀ-ਪਤਨੀ ਨੇ ਇੰਗਲੈਂਡ ਜਾਣ ਲਈ ਫਾਈਲ ਲਾਈ ਸੀ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 20 ਦਿਨਾਂ ਦੇ ਅੰਦਰ-ਅੰਦਰ ਦੋਵਾਂ ਦਾ ਵੀਜ਼ਾ ਲਗਾਇਆ ਜਾਵੇਗਾ ਅਤੇ ਬਾਅਦ ਵਿੱਚ ਸਾਰੇ ਪੈਸੇ ਲਏ ਜਾਣਗੇ। ਪਰ ਦੂਜੇ ਮਹੀਨੇ ਕੰਪਨੀ ਵੱਲੋਂ ਅੱਧੇ ਪੈਸਿਆਂ ਦੀ ਫਾਈਲ ਲੱਗਣ ਲਈ ਮੰਗ ਕੀਤੀ, ਜੋ ਕਿ ਕੁੱਲ 26 ਲੱਖ ਰੁਪਏ ਵਿੱਚ ਵੀਜ਼ਾ ਲਗਵਾਉਣ ਦੀ ਗੱਲ ਹੋਈ ਸੀ।

ਉਨ੍ਹਾਂ ਕਿਹਾ ਕਿ ਅਸੀਂ ਕੰਪਨੀ ਨੂੰ ਉਦੋਂ 10 ਲੱਖ ਰੁਪਏ ਦੇ ਦਿੱਤੇ ਅਤੇ ਇਨ੍ਹਾਂ ਨੇ ਚੰਡੀਗੜ੍ਹ ਦਫਤਰ 'ਚ ਇੰਟਰਵਿਊ ਕਰਵਾ ਦਿੱਤੀ। ਪਰ ਉਸ ਤੋਂ ਬਾਅਦ ਕੁੱਝ ਵੀ ਨਹੀਂ ਦੱਸਿਆ। ਫਿਰ ਜਦੋਂ ਵੀ ਉਹ ਜਦੋਂ ਇਨ੍ਹਾਂ ਕੋਲ ਜਾਂਦੇ ਤਾਂ ਲਾਰੇ ਲਾਉਂਦੇ ਰਹੇ। ਫਿਰ ਜਦੋਂ 5ਵੇਂ ਮਹੀਨੇ ਇਨ੍ਹਾਂ ਕੋਲ ਗਏ ਅਤੇ ਪੈਸੇ ਵਾਪਸ ਮੰਗੇ ਤਾਂ ਇਨ੍ਹਾਂ ਨੇ 15 ਦਿਨਾਂ ਦੀ ਮੰਗ ਕੀਤੀ। ਪਰ ਕੁੱਝ ਵੀ ਨਹੀਂ ਨਿਕਲਿਆ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਪੁਲਿਸ ਨੇ ਵੀ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੀਪੀ ਲੁਧਿਆਣਾ ਨੂੰ ਅਰਜ਼ੀ ਦਿੱਤੀ ਸੀ, ਪਰ ਉਨ੍ਹਾਂ ਨੇ ਧੂਰੀ ਭੇਜ ਦਿੱਤੀ, ਪਰ ਉਹ ਕੋਈ ਵੀ ਕਾਰਵਾਈ ਨਹੀਂ ਕਰ ਰਹੇ।

ਉਨ੍ਹਾਂ ਕਿਹਾ ਕਿ ਹੁਣ ਉਹ ਲਾਰਿਆਂ ਤੋਂ ਤੰਗ ਆ ਗਏ ਹਨ ਅਤੇ ਇਸੇ ਲਈ ਟੈਂਕੀ 'ਤੇ ਕਰੋ ਜਾਂ ਮਰੋ ਲਈ ਟੈਂਕੀ 'ਤੇ ਚੜ੍ਹੇ ਹਨ। ਉਨ੍ਹਾਂ ਕਿਹਾ ਕਿ ਹੁਣ ਦੋਵੇਂ ਪਤੀ-ਪਤਨੀ ਉਦੋਂ ਹੀ ਹੇਠਾਂ ਉਤਰਣਗੇ ਜਦੋਂ ਉਨ੍ਹਾਂ ਦੇ ਪੈਸੇ ਅਤੇ ਸਰਟੀਫਿਕੇਟ ਆਦਿ ਮੋੜੇ ਜਾਣਗੇ।

ਕੀ ਕਹਿਣਾ ਹੈ ਕਿ ਪੁਲਿਸ ਦਾ

ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵੇਂ ਪਤੀ-ਪਤਨੀ ਦਾ ਗੁੱਸਾ ਇਮੀਗ੍ਰੇਸ਼ਨ ਕੰਪਨੀ ਖਿਲਾਫ਼ ਹੈ, ਜਿਸ ਕਾਰਨ ਇਹ ਰੋਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਆਰੋਪ ਕੰਪਨੀ 'ਤੇ 10 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕੇਸ ਸੰਗਰੂਰ ਚੱਲ ਰਿਹਾ ਹੈ, ਪਰ ਜੇਕਰ ਇਨ੍ਹਾਂ ਨੇ ਲੁਧਿਆਣਾ ਕੋਈ ਅਰਜ਼ੀ ਦਿੱਤੀ ਹੈ ਤਾਂ ਉਹ ਚੈਕ ਕਰਨਗੇ ਅਤੇ ਕਾਰਵਾਈ ਕਰਨਗੇ।

ਉਨ੍ਹਾਂ ਕਿਹਾ ਕਿ ਕੋਸ਼ਿਸ਼ਾਂ ਜਾਰੀ ਹਨ ਅਤੇ ਛੇਤੀ ਹੀ ਦੋਵੇਂ ਪਤੀ-ਪਤਨੀ ਨੂੰ ਉਹ ਟੈਂਕੀ ਤੋਂ ਹੇਠਾਂ ਉਤਾਰ ਲੈਣ ਲਈ ਮਨਾ ਲੈਣਗੇ।

Related Post