HSGPC Election 2025 Result : ਸ਼੍ਰੋਮਣੀ ਅਕਾਲੀ ਦਲ ਤੇ ਸਹਿਯੋਗੀਆਂ ਨੇ 18 ਸੀਟਾਂ 'ਤੇ ਦਰਜ ਕੀਤੀ ਜਿੱਤ, ਦਾਦੂਵਾਲ ਹਾਰੇ, ਵੇਖੋ ਪੂਰੇ ਚੋਣ ਨਤੀਜੇ
HSGPC Election Result : ਦਾਦੂਵਾਲ ਵਾਰਡ ਨੰਬਰ 35 ਕਾਲਾਂਵਾਲੀ ਸੀਟ ਤੋਂ ਉਮੀਦਵਾਰ ਖੜੇ ਹੋਏ ਹਨ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਧਰ, ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ ਨੇ ਜਿੱਤ ਹਾਸਲ ਕੀਤੀ ਹੈ। ਵੇਖੋ ਪੂਰੇ ਚੋਣ ਨਤੀਜੇ...
HSGPC Election 2025 Result : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੱਜ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸਹਿਯੋਗੀਆਂ ਨੇ ਵੱਡੀ ਜਿੱਤ ਹਾਸਲ ਕਰਦਿਆਂ ਕੁੱਲ 18 ਸੀਟਾਂ 'ਤੇ ਮੋਰਚਾ ਮਾਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਨਤੀਜਿਆਂ ਵਿੱਚ ਹਰਿਆਣਾ ਸਿੱਖ ਪੰਥਕ ਦਲ ਦੇ ਨਾਂ ਹੇਠ 6 ਸੀਟਾਂ ਜਿੱਤੀਆਂ, ਜਦਕਿ ਉਸ ਦੇ ਸਹਿਯੋਗੀਆਂ ਨੇ 12 ਸੀਟਾਂ 'ਤੇ ਕਬਜ਼ਾ ਜਮਾਇਆ ਹੈ। ਇਨ੍ਹਾਂ ਨਤੀਜਿਆਂ ਤੋਂ ਬਾਅਦ ਹੁਣ ਇਨ੍ਹਾਂ ਕਿਆਸਰਾਈਆਂ ਨੇ ਮੁੜ ਜ਼ੋਰ ਫੜ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਸਕਦਾ ਹੈ।
ਨਤੀਜਿਆਂ ਵਿੱਚ ਸਭ ਤੋਂ ਵੱਡਾ ਉਲਟਫੇਰ ਤੇ ਝਟਕਾ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਲੱਗਿਆ ਹੈ। ਦਾਦੂਵਾਲ ਵਾਰਡ ਨੰਬਰ 35 ਕਾਲਾਂਵਾਲੀ ਸੀਟ ਤੋਂ ਉਮੀਦਵਾਰ ਖੜੇ ਹੋਏ ਹਨ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਾਦੂਵਾਲ ਨੂੰ ਪਿੰਡ ਕਾਲਾਂਵਾਲੀ ਦੇ 28 ਸਾਲਾ ਨੌਜਵਾਨ ਐਡਵੋਕੇਟ ਭਾਈ ਵਿੰਦਰ ਸਿੰਘ ਖਾਲਸਾ ਨੇ 1771 ਵੋਟਾਂ ਨਾਲ ਹਾਰ ਦਿੱਤੀ।
ਉਧਰ, ਵਾਰਡ ਨੰਬਰ 10 ਤੋਂ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ ਨੇ 249 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨਾਲ ਜਸਬੀਰ ਕੌਰ ਮਸਾਣਾ ਨੇ ਵੀ ਜਿੱਤ ਹਾਸਲ ਕੀਤੀ ਹੈ।
ਵਾਰਡ ਨੰਬਰ 8 ਰਾਦੌਰ ਤੋਂ ਆਜ਼ਾਦ ਉਮੀਦਵਾਰ ਗੁਰਬੀਰ ਸਿੰਘ ਤਲਾਕੌਰ ਨੇ ਜਿੱਤ ਹਾਾਸਲ ਕੀਤੀ, ਜਿਨ੍ਹਾਂ ਨੇ ਆਪਣੇ ਵਿਰੋਧੀ ਨੂੰ 161 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਸ਼੍ਰੋਮਣੀ ਅਕਾਲੀ ਦਲ ਨੇ ਜੇਤੂਆਂ ਨੂੰ ਦਿੱਤੀ ਵਧਾਈ
ਉਧਰ, ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਈਵਾਲਾਂ ਵੱਲੋਂ 18 ਸੀਟਾਂ ਜਿੱਤਣ 'ਤੇ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਰਾਜਨੀਤਿਕ ਪਾਰਟੀ ਵਜੋਂ ਚੋਣ ਲੜਨ ਦੀ ਇਜਾਜ਼ਤ ਨਹੀਂ ਸੀ। ਇਸ ਲਈ ਇਸਦੇ ਉਮੀਦਵਾਰਾਂ ਨੂੰ ਹਰਿਆਣਾ ਸਿੱਖ ਪੰਥਕ ਦਲ ਦੇ ਨਾਮ 'ਤੇ ਇੱਕ ਧਾਰਮਿਕ ਸਮੂਹ ਬਣਾਉਣਾ ਪਿਆ, ਜਿਸਨੂੰ "ਢੋਲ" ਦਾ ਇੱਕ ਨਵਾਂ ਚਿੰਨ੍ਹ ਦਿੱਤਾ ਗਿਆ ਸੀ। ਇਸ ਨੇ ਇਸ ਚਿੰਨ੍ਹ 'ਤੇ 6 ਸੀਟਾਂ ਜਿੱਤੀਆਂ ਅਤੇ ਇਸਦੇ ਸਮਰਥਕਾਂ ਨੇ ਵੱਖ-ਵੱਖ ਚਿੰਨ੍ਹਾਂ 'ਤੇ ਆਜ਼ਾਦ ਉਮੀਦਵਾਰਾਂ ਵਜੋਂ 12 ਹੋਰ ਸੀਟਾਂ ਜਿੱਤੀਆਂ। ਅਸੀਂ ਇਨ੍ਹਾਂ ਸਾਰਿਆਂ ਨਾਲ ਪ੍ਰੀ-ਪੋਲ ਐਡਜਸਟਮੈਂਟ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਹਰਿਆਣਾ ਸਿੱਖ ਸੰਗਤ ਦਾ ਦਿਲੋਂ ਸਮਰਥਨ ਦੇਣ ਲਈ ਧੰਨਵਾਦ ਕੀਤਾ।
ਐਚਐਸਜੀਪੀਸੀ ਦੇ ਗਠਨ ਤੋਂ ਬਾਅਦ ਇਹ ਪਹਿਲੀ ਚੋਣ
ਦੱਸ ਦਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਚੋਣਾਂ ਦੀਆਂ ਕੁੱਲ 40 ਸੀਟਾਂ ਲਈ 164 ਉਮੀਦਵਾਰ ਮੈਦਾਨ ਵਿੱਚ ਸਨ। ਇਸ ਵਾਰ ਇਨ੍ਹਾਂ ਚੋਣਾਂ ਵਿੱਚ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਰਾਹੀਂ 3.5 ਲੱਖ ਸਿੱਖ ਵੋਟਰਾਂ ਨੇ ਵੋਟਾਂ ਪਾਈਆਂ ਸਨ। ਜ਼ਿਕਰਯੋਗ ਹੈ ਕਿ 2014 ਵਿੱਚ ਉਸ ਸਮੇਂ ਦੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਵੱਲੋਂ ਐਚਐਸਜੀਪੀਸੀ ਦੇ ਗਠਨ ਤੋਂ ਬਾਅਦ ਇਹ ਪਹਿਲੀ ਚੋਣ ਹੈ।