Child Care : ਖਤਰਨਾਕ ਹੁੰਦੇ ਮੌਸਮ 'ਚ ਵਾਇਰਲ ਖੰਘ, ਜੁਕਾਮ ਤੇ ਬੁਖ਼ਾਰ ਤੋਂ ਬੱਚਿਆਂ ਨੂੰ ਕਿਵੇਂ ਬਚਾਈਏ, ਬੱਚਿਆਂ ਦੇ ਮਾਹਿਰ ਡਾਕਟਰ ਨੇ ਦਿੱਤੇ ਸੁਝਾਅ

Winter Health : ਬਠਿੰਡਾ ਦੇ ਜੱਚਾ-ਬੱਚਾ ਵਾਰਡ ਵਿੱਚ ਤੈਨਾਤ ਮਾਹਰ ਡਾਕਟਰ ਰਾਹੁਲ ਮੈਦਾਨ ਨੇ ਦੱਸਿਆ ਕਿ ਬਾਰਿਸ਼ ਤੋਂ ਬਾਅਦ ਸਰਕਾਰੀ ਹਸਪਤਾਲ ਦੀ ਬੱਚਿਆਂ ਦੀ ਓਪੀਡੀ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਪਾਸ ਜਿਆਦਾ ਮਰੀਜ਼ ਬੁਖਾਰ ਖੰਗ ਜੁਕਾਮ ਤੋਂ ਪੀੜਤ ਆ ਰਹੇ ਹਨ।

By  KRISHAN KUMAR SHARMA January 7th 2025 04:08 PM

Child Care Tips in Winter : ਪਿਛਲੇ ਦਿਨੀ ਪੰਜਾਬ ਭਰ ਦੇ ਵਿੱਚ ਹੋਈ ਬਾਰਿਸ਼ ਤੋਂ ਬਾਅਦ ਮੌਸਮ ਵਿੱਚ ਆਈ ਤਬਦੀਲੀ ਕਾਰਨ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਖਾਸ ਕਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਖੰਗ ਜਖਮ ਅਤੇ ਬੁਖਾਰ ਨੇ ਆਪਣੇ ਪ੍ਰਭਾਵ ਹੇਠ ਲੈ ਲਿਆ ਹੈ। ਇਸੇ ਪ੍ਰਭਾਵ ਦੇ ਚੱਲਦਿਆਂ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਵੱਧ ਗਈ।

ਬਠਿੰਡਾ ਦੇ ਜੱਚਾ-ਬੱਚਾ ਵਾਰਡ ਵਿੱਚ ਤੈਨਾਤ ਮਾਹਰ ਡਾਕਟਰ ਰਾਹੁਲ ਮੈਦਾਨ ਨੇ ਦੱਸਿਆ ਕਿ ਬਾਰਿਸ਼ ਤੋਂ ਬਾਅਦ ਸਰਕਾਰੀ ਹਸਪਤਾਲ ਦੀ ਬੱਚਿਆਂ ਦੀ ਓਪੀਡੀ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਪਾਸ ਜਿਆਦਾ ਮਰੀਜ਼ ਬੁਖਾਰ ਖੰਗ ਜੁਕਾਮ ਤੋਂ ਪੀੜਤ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਮੌਸਮ ਵਿੱਚ ਬਾਰਿਸ਼ ਤੋਂ ਬਾਅਦ ਅਕਸਰ ਹੀ ਵਾਇਰਸ ਐਕਟੀਵੇਟ ਹੋ ਜਾਂਦੇ ਹਨ ਤੇ ਬੱਚਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ ਕਿਉਂਕਿ ਬੱਚਿਆਂ ਦਾ ਸਿਰ ਸਭ ਤੋਂ ਸੋਹਲ ਹੁੰਦਾ ਹੈ ਅਤੇ ਬੱਚੇ ਜ਼ਿਆਦਾਤਰ ਅਜਿਹੇ ਮੌਸਮ ਵਿੱਚ ਨੰਗੇ ਸਿਰ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਅਜਿਹੇ ਵਾਇਰਸ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ ਅਤੇ ਉਹਨਾਂ ਨੂੰ ਖੰਘ, ਜੁਕਾਮ ਅਤੇ ਬੁਖਾਰ ਜਿਹੀਆਂ ਸਮੱਸਿਆਵਾਂ ਘੇਰ ਲੈਂਦੀਆਂ ਹਨ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਅਜਿਹੇ ਖਾਣ-ਪੀਣ ਤੋਂ ਰੋਕਣ ਜੋ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ, ਜਿਨਾਂ ਵਿੱਚ ਪ੍ਰਮੁੱਖ ਤੌਰ 'ਤੇ ਕੋਲਡ ਡਰਿੰਕ, ਦਹੀਂ ਅਤੇ ਹੋਰ ਠੰਡੀਆਂ ਵਸਤਾਂ ਅਜਿਹੇ ਮੌਸਮ ਵਿੱਚ ਨਹੀਂ ਖਾਣੀਆਂ ਚਾਹੀਦੀਆਂ। ਇਸ ਨਾਲ ਛਾਤੀ ਦੇ ਰੋਗ ਵੱਧਦੇ ਹਨ ਅਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਮੁਢਲੀ ਸਹਾਇਤਾ ਦੇ ਤੌਰ 'ਤੇ ਹਰ ਘਰ ਵਿੱਚ ਭਾਫ ਦੇਣ ਵਾਲੀ ਮਸ਼ੀਨ ਜਰੂਰ ਹੋਣੀ ਚਾਹੀਦੀ ਹੈ, ਜਿਸ ਵਿੱਚ ਇੰਜੈਕਸ਼ਨ ਪਾ ਕੇ ਭਾਫ ਲੈਣ ਨਾਲ ਮਨੁੱਖ ਨੂੰ ਰਾਹਤ ਮਿਲਦੀ ਹੈ।

ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਸਵੇਰੇ-ਸ਼ਾਮ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਦਿਨ ਚੜਨ ਅਤੇ ਛਿਪਣ ਸਮੇਂ ਸਭ ਤੋਂ ਵੱਧ ਠੰਡ ਦਾ ਕਹਿਰ ਵੇਖਣ ਨੂੰ ਮਿਲਦਾ ਹੈ।

ਬੰਦ ਕਮਰੇ ਵਿੱਚ ਅੰਗੀਠੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਰੂਮ ਹੀਟਰ ਦਾ ਪ੍ਰਯੋਗ ਵੀ ਦੂਰ ਤੋਂ ਕਰਨਾ ਚਾਹੀਦਾ ਅਤੇ ਉਸ ਦਾ ਤਾਪਮਾਨ ਅਜਿਹਾ ਰੱਖਣਾ ਚਾਹੀਦਾ ਹੈ ਕਿ ਉਹ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਨਾ ਕਰੇ ਕਿਉਂਕਿ ਜ਼ਿਆਦਾ ਗਰਮਾ ਹਟ ਵੀ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ।

ਬਠਿੰਡਾ ਤੋਂ ਮਨੀਸ਼ ਗਰਗ ਦੀ ਰਿਪੋਰਟ

Related Post