ਸਰਕਾਰ ਦੇ Official YouTube ਚੈਨਲ ਤੋਂ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਸਬੰਧਿਤ ਵੀਡਿਓਜ਼ ਨੂੰ ਹਟਾਉਣਾ ਕਿੰਨਾ ਵਾਜਿਬ!
ਜਸਮੀਤ ਸਿੰਘ, 1 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਪੁਰਾਣੀਆਂ ਸਰਕਾਰਾਂ ਵੱਲੋਂ ਵਿਗਾੜੇ ਗਏ ਕੰਮਾਂ ਦੇ ਲੋਕਹਿਤ ਵਿੱਚ ਸੁਧਾਰ ਕਰਨ ਦੇ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕਰਦੀ ਹੈ। ਉੱਥੇ ਹੀ 'ਆਪ' ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਅਧਿਕਾਰਿਤ ਯੂਟਿਊਬ ਚੈਨਲ ਤੋਂ ਪਿਛਲੀਆਂ ਸਰਕਾਰਾਂ ਨਾਲ ਸੰਬਧਿਤ ਕਾਰਜਕਾਰੀ ਵੀਡਿਓਜ਼ ਨੂੰ ਹਟਾਉਣਾ ਕਿੰਨਾ ਵਾਜਿਬ ਹੈ? ਇਹ ਇੱਕ ਵੱਡਾ ਸਵਾਲ ਬਣਦਾ ਹੈ। ਕਾਬਲੇਗੌਰ ਹੈ ਕਿ ਉੱਕਤ YT ਚੈਨਲ 'ਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਸਬੰਧਿਤ ਵੀ ਸਾਰੀਆਂ ਯਾਦਗਾਰੀ ਵੀਡਿਓਜ਼ ਨੂੰ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: EXCLUSIVE: ਪੰਜਾਬ 'ਚ ਵਿੱਤੀ ਸੰਕਟ ਗਹਿਰਾਇਆ, ਨਹੀਂ ਪੂਰਾ ਹੁੰਦਾ ਨਜ਼ਰ ਆ ਰਿਹਾ ਆਮਦਨ ਦਾ ਟੀਚਾ
ਇੱਥੇ ਸੱਤਾ 'ਤੇ ਕਾਬਜ਼ 'ਆਪ' ਸਰਕਾਰ ਨੂੰ ਇਸਦਾ ਜਵਾਬ ਦੇਣਾ ਬਣਦਾ ਹੈ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਇਹ ਹੱਕ ਕਿਸਨੇ ਦਿੱਤਾ ਕਿ ਉਹ ਆਮ ਜਨਤਾ ਦੇ ਪੈਸਿਆਂ ਤੋਂ ਕਰਵਾਏ ਗਏ ਉੱਕਤ ਇਤਿਹਾਸਿਕ ਸਮਾਗਮਾਂ ਦੀਆਂ ਯਾਦਗਾਰੀ ਵੀਡਿਓਜ਼ ਦੀ ਯਾਦ ਨੂੰ ਹੀ ਮਿਟਾ ਦੇਣ। ਉੱਕਤ ਸਮਾਗਮਾਂ ਦੀ ਵੀਡਿਓਜ਼ 'ਤੇ ਨਾ ਸਿਰਫ਼ ਪੰਜਾਬ ਵਾਸੀਆਂ ਦਾ ਕਰੋੜਾਂ ਰੁਪਿਆ ਲੱਗਿਆ ਹੋਇਆ ਸਗੋਂ ਪੁਰਾਣੀਆਂ ਸਰਕਾਰਾਂ ਵੱਲੋਂ ਕਰਵਾਏ ਗਏ ਸਾਰੇ ਕਾਰਜਾਂ ਦੀ ਇਹ ਵੀਡਿਓਜ਼ ਅਧਿਕਾਰਿਤ ਪੁਸ਼ਟੀ ਵੀ ਕਰਦੀਆਂ ਸਨ, ਜੋ ਹੁਣ ਯੂਟਿਊਬ ਤੋਂ ਗਾਇਬ ਹਨ।
ਅਕਸਰ ਮੌਜੂਦਾ ਸਰਕਾਰਾਂ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਚੰਗੇ ਕੰਮਾਂ ਨੂੰ ਲੁਕਾਉਣ 'ਚ ਹੀ ਆਪਣੀ ਬੇਹਤਰੀ ਸਮਝਦੀ ਹੈ ਪਰ 'ਆਪ' ਦੇ ਸੋਸ਼ਲ ਮੀਡੀਆ ਸੈੱਲ ਵੱਲੋਂ ਚੁੱਕੇ ਗਏ ਇਸ ਕਦਮ ਨੇ ਤਾਂ ਇਸ ਗੱਲ ਉੱਤੇ ਪੱਕਾ ਠੱਪਾ ਹੀ ਲਾ ਛੱਡਿਆ।
ਪੰਜਾਬ ਸਰਕਾਰ ਦੇ ਅਧਿਕਾਰਿਤ ਯੂਟਿਊਬ ਚੈਨਲ ਤੋਂ ਜਿੱਥੇ ਕਾਂਗਰਸ ਸਰਕਾਰ ਦੀਆਂ ਸਾਰੀਆਂ ਵੀਡਿਓਜ਼ ਨੂੰ ਹਟਾ ਦਿੱਤਾ ਗਿਆ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਵੀਡਿਓਜ਼ ਵੀ ਸ਼ਮਲ ਸਨ। ਇਸ ਦੇ ਨਾਲ ਹੀ ਅਕਾਲੀ ਸਰਕਾਰ ਸਮੇਂ ਦੀਆਂ ਵੀ ਕੁਝਕੁ ਵੀਡਿਓਜ਼ ਗਾਇਬ ਹਨ, ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਸਬੰਧਿਤ ਗਿਣੀਆਂ ਚੁਣੀਆਂ ਵੀਡਿਓਜ਼ ਰੱਖੀਆਂ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਲਗਾਇਆ 15 ਕਰੋੜ ਰੁਪਏ ਜੁਰਮਾਨਾ
ਦੱਸਣਯੋਗ ਹੈ ਕਿ ਜਿੱਥੇ ਫੇਸਬੁੱਕ 'ਤੇ ਸਰਕਾਰ ਦੇ ਜ਼ਿਆਦਾਤਰ ਪ੍ਰੋਗਰਾਮਾਂ ਨੂੰ ਲਾਈਵ ਕੀਤਾ ਜਾਂਦਾ ਹੈ, ਉੱਥੇ ਹੀ ਯੂਟਿਊਬ 'ਤੇ ਵੀ ਲਾਈਵ ਕੀਤਾ ਜਾਂਦਾ ਪਰ ਹੁਣ ਚੈਨਲ ਤੋਂ ਵੱਡੇ ਵੱਡੇ ਇਤਿਹਾਸਿਕ ਸਮਾਗਮਾਂ ਸਬੰਧਿਤ ਸਾਰੀਆਂ ਵੀਡੀਓਜ਼ ਜਾਂ ਤਾਂ ਡਿਲੀਟ ਕਰ ਦਿੱਤੀਆਂ ਗਈਆਂ ਨੇ ਜਾਂ ਇਨ੍ਹਾਂ ਨੂੰ ਹਾਈਡ ਕਰ ਦਿੱਤਾ ਗਿਆ।