ਰੋਪੜ ’ਚ ਢਹਿ ਢੇਰੀ ਹੋਏ ਲੈਂਟਰ ਦੇ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਮਕਾਨ ਦੇ ਮਾਲਕ ਖਿਲਾਫ ਮਾਮਲਾ ਦਰਜ ਤੇ ਠੇਕੇਦਾਰ ਕੀਤਾ ਗ੍ਰਿਫਤਾਰ
ਪੁਲਿਸ ਨੇ ਇਸ ਸਬੰਧ ਵਿੱਚ ਕਾਰਵਾਈ ਕਰਦਿਆਂ ਮਕਾਨ ਦੇ ਮਾਲਕ ਅਤੇ ਲੈਂਟਰ ਚੁੱਕਣ ਦਾ ਕੰਮ ਕਰਵਾ ਰਹੇ ਠੇਕੇਦਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਠੇਕੇਦਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
House Roof Collapse In Ropar: ਰੋਪੜ ਦੀ ਪ੍ਰੀਤ ਕਲੋਨੀ ਦੇ ਵਿੱਚ ਡਿੱਗੇ ਮਕਾਨ ਦੇ ਮਲਬੇ ਹੇਠਾਂ ਦੱਬੇ ਮਜ਼ਦੂਰਾਂ ਚੋ ਤਿੰਨ ਮਜ਼ਦੂਰ ਮੋਤ ਦੇ ਮੂੰਹ ਦੇ ਵਿਚ ਚਲੇ ਗਏ ਹਨ ਜਦ ਕਿ ਇਕ ਮਜ਼ਦੂਰ ਪੀਜੀਆਈ ਚੰਡੀਗੜ੍ਹ ਚ ਜੇਰੇ ਇਲਾਜ ਹੈ।
ਮਲਬੇ ਹੇਠਾਂ ਦੱਬੇ ਇਕ ਮਜ਼ਦੂਰ ਦੀ ਬੀਤੇ ਦਿਨ ਤੋਂ ਤਾਲਾਸ਼ ਕੀਤੀ ਜਾ ਰਹੀ ਹੈ ਤੇ ਇਸ ਵਿਚ ਐਨਡੀਆਰਐਫ, ਸੀਡੀਐਰਐਫ, ਆਈਟੀਬੀਪੀ ਦੀਆਂ ਟੀਮਾਂ ਸਮੇਤ ਸਥਾਨਕ ਪ੍ਰਸਾਸ਼ਨ ਦੇ ਕਰਮਚਾਰੀ ਰਾਹਤ ਕਾਰਜਾਂ ਵਿੱਚ ਜੁਟੇ ਹਨ ਪਰ ਅਜੇ ਤੱਕ ਲਾਪਤਾ ਮਜ਼ਦੂਰ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਲਾਪਤਾ ਹੋਏ ਮਜ਼ਦੂਰ ਦੀ ਪਛਾਣ ਅਭਿਸ਼ੇਕ ਪੁੱਤਰ ਮੋਹਨ ਲਾਲ ਵਾਸੀ ਸਾਹਾ ਜਿਲਾ ਅੰਬਾਲਾ ਵਜੋਂ ਹੋਈ ਹੈ।
ਉਧਰ ਪੁਲਿਸ ਨੇ ਇਸ ਸਬੰਧ ਵਿੱਚ ਕਾਰਵਾਈ ਕਰਦਿਆਂ ਮਕਾਨ ਦੇ ਮਾਲਕ ਅਤੇ ਲੈਂਟਰ ਚੁੱਕਣ ਦਾ ਕੰਮ ਕਰਵਾ ਰਹੇ ਠੇਕੇਦਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਤੇ ਠੇਕੇਦਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਜਦਕਿ ਲੈਂਟਰ ਚੁੱਕਣ ਵਾਲੇ ਠੇਕੇਦਾਰ ਵੱਲੋਂ ਮਸ਼ਹੂਰੀ ਦੇ ਲਈ ਲਗਾਏ ਗਏ ਫਲੈਕਸ ਬੋਰਡ ਵੀ ਸਵਾਲ ਖੜੇ ਕਰ ਰਹੇ ਕਿਉਂਕਿ ਇੰਨਾਂ ਮਸ਼ਹੂਰੀ ਵਾਲੇ ਬੋਰਡਾਂ ਵਿੱਚ ਮਕਾਨ ਦੀ ਪੂਰੀ ਸੁਰੱਖਿਆ ਦੀ ਗਰੰਟੀ ਦਿੱਤੀ ਜਾ ਰਹੀ ਹੈ।
ਇੰਝ ਵਾਪਰਿਆ ਸੀ ਹਾਦਸਾ
ਕਾਬਿਲੇਗੌਰ ਹੈ ਕਿ ਹਾਦਸਾ ਦੁਪਹਿਰ ਤਿੰਨ ਵਜੇ ਵਾਪਰਿਆ। ਜਦੋਂ ਮਕਾਨ ਨੂੰ ਉੱਚਾ ਚੁੱਕਣ ਲਈ ਜੈਕ ਲਗਾਇਆ ਜਾ ਰਿਹਾ ਸੀ ਤਾਂ ਅਚਾਨਕ ਦੋ ਮੰਜ਼ਿਲਾ ਮਕਾਨ ਡਿੱਗ ਗਿਆ। ਮਜ਼ਦੂਰਾਂ ਨੂੰ ਕੱਢਣ ਦਾ ਕੰਮ ਦੇਰ ਰਾਤ ਤੱਕ ਜਾਰੀ ਰਿਹਾ। ਦੱਸਣਯੋਗ ਹੈ ਕਿ ਇਹ ਘਰ 1983 ਦਾ ਬਣਿਆ ਹੋਇਆ ਸੀ।