Hoshiarpur News : ਤੀਹਰੇ ਕਤਲ ਕਾਂਡ 'ਚ 5 ਮੁਲਜ਼ਮ ਗ੍ਰਿਫ਼ਤਾਰ, ਕਤਲ ਦਾ ਅਸਲ ਕਾਰਨ ਆਇਆ ਸਾਹਮਣੇ
Triple Murder Case : ਪੁਲਿਸ ਵਲੋਂ ਇਸ ਮਾਮਲੇ 'ਚ ਕੁੱਲ 11 ਵਿਅਕਤੀਆਂ ਨੂੰ ਨਾਮਜ਼ਦ ਕਰਕੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਹੁਸਿ਼ਆਰਪੁਰ ਦੇ ਥਾਣਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਮੋਰਾਂਵਾਲੀ 'ਚ ਬੀਤੇ ਕੱਲ੍ਹ 2 ਗੁੱਟਾਂ ਵਿਚਕਾਰ ਹੋਈ ਖੂਨੀ ਝੜਪ ਤੋਂ ਬਾਅਦ ਇੱਕ ਧਿਰ ਦੇ 3 ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਰੂਹ ਕੰਬਾਊ ਵਾਰਦਾਤ ਵਾਪਰਨ ਤੋਂ ਬਾਅਦ ਪੁਲਿਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਸੀ ਤੇ ਹੁਣ ਪੁਲਿਸ ਵਲੋਂ ਇਸ ਮਾਮਲੇ 'ਚ ਕੁੱਲ 11 ਵਿਅਕਤੀਆਂ ਨੂੰ ਨਾਮਜ਼ਦ ਕਰਕੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਕਾਤਲ ਗੁਰਪ੍ਰੀਤ ਸਿੰਘ ਗੋਪੀ ਅਤੇ ਮ੍ਰਿਤਕ ਮਨਪ੍ਰੀਤ ਸਿੰਘ ਇਕ ਹੀ ਪਿੰਡ 'ਚ ਰਹਿੰਦੇ ਹਨ ਤੇ ਪਹਿਲਾਂ ਦੋਵੇਂ ਦੋਸਤ ਸੀ। ਉਨ੍ਹਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਕਿਸੇ ਕਾਰਨ ਇਨ੍ਹਾਂ ਵਿਚਕਾਰ ਬੋਲਚਾਲ ਬੰਦ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਪੀ ਪਿੰਡ 'ਚ ਨਸ਼ਾ ਛੁਡਾਊ ਕੇਂਦਰ ਚਲਾਉਂਦਾ ਹੈ ਤੇ ਉਥੇ ਮੁੰਡਿਆਂ ਦਾ ਕਾਫੀ ਆਉਣਾ-ਜਾਣਾ ਲੱਗਿਆ ਰਹਿੰਦਾ ਸੀ, ਜਿਸਨੂੰ ਲੈ ਕੇ ਮਨਪ੍ਰੀਤ ਸਿੰਘ ਮਨੀ ਇਤਰਾਜ਼ ਜ਼ਾਹਰ ਕਰਦਾ ਸੀ ਤੇ ਕੱਲ੍ਹ ਦੋਵੇਂ ਜਦੋਂ ਅਚਾਨਕ ਇਕ-ਦੂਜੇ ਸਾਹਮਣੇ ਆਏ ਤਾਂ ਬਹਿਸ ਹੋ ਗਈ ਤੇ ਇਸ ਦੌਰਾਨ ਦੋਹਾਂ ਧਿਰਾਂ ਵਿਚਕਾਰ ਖੂਨੀ ਝੜਪ ਹੋ ਗਈ, ਜਿਸ ਵਿੱਚ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਪੁਲਿਸ ਨੇ ਹੁਣ ਤੱਕ 5 ਕਾਤਲਾਂ ਨੂੰ ਵੀ ਕਾਬੂ ਕਰ ਲਿਆ ਹੈ ਤੇ 6 ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ।