ਡੇਰਾ ਸਿਰਸਾ ਮੁਖੀ ਦਾ ਆਸ਼ੀਰਵਾਦ ਲੈਣ ਪਹੁੰਚੇ ਮਾਨ ਸਰਕਾਰ ਦੇ ਮੰਤਰੀ, CM ਨੇ ਨੋਟਿਸ ਕੀਤਾ ਜਾਰੀ

ਫਿਰੋਜ਼ਪੁਰ: ਵਿਵਾਦਾਂ ਵਿਚ ਘਿਰੇ ਰਹੇ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਇਥੇ ਡੇਰਾ ਸਿਰਸਾ ਮੁਖੀ ਦੇ ਗੁਰੂ ਹਰਿਸਹਾਏ ਸਥਿਤ ਡੇਰਾ ’ਤੇ ਆਸ਼ੀਰਵਾਦ ਲੈਣ ਪਹੁੰਚੇ। ਰਿਪੋਰਟ ਮੁਤਾਬਕ ਡੇਰੇ ਦੇ ਸੰਚਾਲਕ ਨੇ ਮੰਤਰੀ ਨੂੰ ਸਨਮਾਨਤ ਵੀ ਕੀਤਾ।ਸਨਮਾਨਿਤ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਡੇਰਾ ਸੱਚਾ ਸੌਦਾ ਦੇ ਮੈਂਬਰ ਨੇ ਦਿੱਤਾ ਇਹ ਸਪੱਸ਼ਟੀਕਰਨ
ਇਸ ਤੋਂ ਬਾਅਦ ਅੱਜ ਗੁਰੂ ਹਰਸਹਾਏ ਦੇ ਪਿੰਡ ਸੈਦੇਕੇ ਮੋਹਨ ਵਿਖੇ ਨਾਮ ਚਰਚਾ ਘਰ ਦੀ ਪੰਦਰਾਂ ਮੈਂਬਰੀ ਕਮੇਟੀ ਦੇ ਮੈਂਬਰ ਸ਼ਿਵ ਕੁਮਾਰ ਨੇ ਆਪਣਾ ਇਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਸ਼ਿਵ ਕੁਮਾਰ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨਾਮ ਚਰਚਾ ਘਰ ਦੇ ਅੱਗੋਂ ਲੰਘ ਰਹੇ ਸਨ ਅਤੇ ਉਨ੍ਹਾਂ ਦੇ ਕੁੱਝ ਸਮਰਥਕਾਂ ਨੇ ਉਨ੍ਹਾਂ ਨੂੰ ਰੋਕ ਕੇ ਆਪਣੀ ਕੋਈ ਸਮੱਸਿਆ ਦੱਸਣੀ ਚਾਹੀ। ਜਿਸ 'ਤੇ ਲੋਕਾਂ ਦੇ ਕਹਿਣ ਉੱਤੇ ਉਹ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਨਾਮ ਚਰਚਾ ਘਰ ਦੇ ਅੰਦਰ ਆ ਗਏ ਅਤੇ ਅੰਦਰ ਨਾ ਤਾਂ ਕੋਈ ਸੱਤਸੰਗ ਹੋ ਰਿਹਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪਹਿਲਾਂ ਤੋਂ ਸੱਦਾ ਪੱਤਰ ਭੇਜਿਆ ਗਿਆ ਸੀ।
ਸੀਐਮ ਮਾਨ ਨੇ ਫੌਜਾ ਸਿੰਘ ਨੂੰ ਜਾਰੀ ਕੀਤਾ ਨੋਟਿਸ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੀਬ ਇੱਕ ਮਹੀਨਾ ਪਹਿਲਾਂ ਫੌਜਾ ਸਿੰਘ ਸਰਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਜਿਸ ਦਾ ਉਨ੍ਹਾਂ ਨੇ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਬਾਬਾ ਰਾਮ ਰਹੀਮ ਨੂੰ ਹਾਲ ਹੀ 'ਚ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।