ਮਹਾਰਾਜਾ ਰਣਜੀਤ ਸਿੰਘ ਤੇ ਸਿਕੰਦਰ ਨਾਲ ਜੁੜਿਆ ਇਸ ਸ਼ਿਵ ਮੰਦਿਰ ਦਾ ਇਤਿਹਾਸ

ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਕਾਠਗੜ੍ਹ 'ਚ ਪੈਂਦਾ ਇੱਕ ਇਤਿਹਾਸਿਕ ਮੰਦਿਰ ਜਿਸਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਤੋਂ ਲੈਕੇ ਸਿੰਕਦਰ ਤੱਕ ਨਾਲ ਜੁੜਿਆ ਹੋਇਆ ਹੈ।

By  Jasmeet Singh May 15th 2023 08:46 PM -- Updated: May 15th 2023 08:48 PM

ਕਾਠਗੜ੍ਹ: ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਕਾਠਗੜ੍ਹ 'ਚ ਪੈਂਦਾ ਇੱਕ ਇਤਿਹਾਸਿਕ ਮੰਦਿਰ ਜਿਸਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਤੋਂ ਲੈਕੇ ਸਿੰਕਦਰ ਤੱਕ ਨਾਲ ਜੁੜਿਆ ਹੋਇਆ ਹੈ। ਇਸ ਪਵਿੱਤਰ ਅਸਥਾਨ 'ਤੇ ਵਿਰਾਜੇ ਹੋਏ ਨੇ ਦੋ ਸ਼ਿਵਲਿੰਗ, ਜਿਨ੍ਹਾਂ ਨੂੰ ਸ਼ਿਵ ਭਗਵਾਨ ਅਤੇ ਮਾਤਾ ਪਾਰਵਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਥਾਨਕ ਲੋਕਾਂ ਮੁਤਾਬਕ ਇਥੇ ਦਾ ਇਤਿਹਾਸ ਕਈ ਸਦੀਆਂ ਪੁਰਾਣ ਹੈ।

ਮਹਾਰਾਜਾ ਰਣਜੀਤ ਸਿੰਘ ਨਾਲ ਕਿਵੇਂ ਜੁੜਦਾ ਹੈ ਇਤਿਹਾਸ 
ਮੰਦਿਰ ਦੇ ਮੈਨੇਜਰ ਦਵਿੰਦਰ ਕੁਮਾਰ ਗੌਤਮ ਮੁਤਾਬਕ ਇਸ ਇਤਿਹਾਸ ਮੰਦਿਰ ਦੀ ਉਸਾਰੀ 'ਚ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਪਹਿਲਾਂ ਇਹ ਮੰਦਿਰ ਖੁਲ੍ਹੇ ਅਸਮਾਨ ਥੱਲੇ ਸੀ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਮੰਦਿਰ 'ਚ ਮੌਜੂਦ ਸ਼ਿਵ ਲਿੰਗ 'ਤੇ ਛੱਤ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਸੀ। ਇਨ੍ਹਾਂ ਹੀ ਨਹੀਂ ਇਥੇ ਇੱਕ ਪੁਰਾਤਨ ਖੂਹ ਵੀ ਮੌਜੂਦ ਸੀ ਜਿਥੇ ਦਾ ਜਲ ਰਣਜੀਤ ਸਿੰਘ ਆਪਣੇ ਸ਼ੁਭ ਕਾਰਜਾਂ ਦੇ ਆਰੰਭ ਵਿੱਚ ਵਰਤਿਆ ਕਰਦੇ ਸਨ। 


ਸਿਕੰਦਰ ਨਾਲ ਵੀ ਜੁੜਦਾ ਹੈ ਇਤਿਹਾਸ 
ਇਥੇ ਦੇ ਬੁਜ਼ੁਰਗ ਸ਼ਰਧਾਲੂ ਪ੍ਰੇਮ ਸ਼ਰਮਾ ਦਾ ਕਹਿਣਾ ਕਿ ਇਥੇ ਸਿਰਫ ਮਹਾਰਾਜਾ ਰਣਜੀਤ ਸਿੰਘ ਦਾ ਹੀ ਆਗਮਨ ਨਹੀਂ ਹੋਇਆ। ਸਗੋਂ ਸਿਕੰਦਰ ਵੀ ਇਥੋਂ ਹੀ ਹਾਰ ਕੇ ਵਾਪਿਸ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਸਿਕੰਦਰ ਇਥੇ ਆਇਆ ਤਾਂ ਇਥੇ ਦੇ ਬਿਆਸ ਦਰਿਆ ਦੇ ਕਿਨਾਰੇ ਦਲਦਲ ਬਣ ਗਿਆ। ਜਿਸ ਮਗਰੋਂ ਜਦੋਂ ਵੀ ਸਿਕੰਦਰ ਦੇ ਸੈਨਿਕਾਂ ਨੇ ਦਲਦਲ ਪਾਰ ਕਰਨ ਦੀ ਕੋਸ਼ਿਸ਼ ਕੀਤੀ ਉਹ ਉਸ ਵਿੱਚ ਧੱਸ ਜਾਂਦੇ। ਇਸ ਹਾਰ ਨੂੰ ਵੇਖ ਸਿਕੰਦਰ ਨੂੰ ਵੀ ਪਰਤਨਾ ਪਿਆ ਗਿਆ ਸੀ। 



ਕਾਸ਼ੀ ਵਿਸ਼ਵਨਾਥ ਮੰਦਰ 'ਤੇ ਵੀ ਰਣਜੀਤ ਸਿੰਘ ਨੇ ਚੜ੍ਹਿਆ ਸੀ ਸੋਨਾ  
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ 27 ਦਸੰਬਰ 2021 ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਸਾਹਿਬਜ਼ਾਦਾ ਦਿਵਸ ਮਨਾਇਆ ਸੀ। ਇਸ ਮੌਕੇ 'ਤੇ ਆਪਣੇ ਨਿਵਾਸ ਤੋਂ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੀ.ਐਮ ਯੋਗੀ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਗੋਲਡਨ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਬਦਲਣ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਦੋ ਟਨ ਸੋਨਾ ਲਿਆਂਦਾ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਗੋਲਡਨ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਬਦਲ ਦਿੱਤਾ। ਔਰੰਗਜ਼ੇਬ ਨੇ ਮੰਦਰ ਤੋੜਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਮੰਦਰ ਨੂੰ ਸੁਨਹਿਰੀ ਬਣਾ ਦਿੱਤਾ।


ਧਰਮ ਨਿਰਪੱਖ ਰਾਜਾ, ਮਹਾਰਾਜਾ ਰਣਜੀਤ ਸਿੰਘ 
ਮਹਾਰਾਜਾ ਰਣਜੀਤ ਸਿੰਘ ਧਰਮ ਨਿਰਪੱਖਤਾ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਉਹ ਆਪਣੇ ਰਾਜ ਦੌਰਾਨ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਸਾਮਰਾਜ ਦਾ ਸਭ ਤੋਂ ਮਹਾਨ ਰਾਜਾ ਮੰਨਿਆ ਜਾਂਦਾ ਹੈ। ਉਹ ਇੱਕ ਲੋਕ-ਮੁਖੀ ਨੇਤਾ ਸਨ, ਉਨ੍ਹਾਂ ਦੇ ਰਾਜ ਦੌਰਾਨ ਉਨ੍ਹਾਂ ਦੇ ਸ਼ਾਸਨ ਦੇ ਅਧੀਨ ਜ਼ਿਆਦਾਤਰ ਲੋਕ ਮੁਸਲਮਾਨ ਸਨ ਜੋ ਆਪਣੀ ਕੱਟੜ ਕਬਾਇਲੀ ਵਫ਼ਾਦਾਰੀ ਅਤੇ ਕਿਸੇ ਵੀ ਸਰਕਾਰ ਦੇ ਵਿਰੁੱਧ ਵਿਦਰੋਹੀ ਵਤੀਰੇ ਲਈ ਮਸ਼ਹੂਰ ਸਨ, ਪਰ ਰਣਜੀਤ ਸਿੰਘ ਦੇ ਰਾਜ ਦੌਰਾਨ ਉਨ੍ਹਾਂ ਦੇ ਵਿਰੁੱਧ ਕੋਈ ਵਿਦਰੋਹ ਨਹੀਂ ਹੋਇਆ। ਮਹਾਰਾਜਾ ਦਾ ਸ਼ਾਸਨ ਆਪਣੇ ਉੱਚ ਨੈਤਿਕ ਮਿਆਰਾਂ ਅਤੇ ਵਿਵਹਾਰ ਲਈ ਜਾਣਿਆ ਜਾਂਦਾ ਸੀ।

Related Post