Vaisakhi Samagam: ਗਿਆਨੀ ਹਰਪ੍ਰੀਤ ਸਿੰਘ ਤੋਂ ਜਾਣੋ ਦਸਵੇਂ ਪਾਤਸ਼ਾਹ ਦੀ ਬੰਦੂਕ ਦਾ ਇਤਿਹਾਸ ਅਤੇ ਕਰੋ ਦਰਸ਼ਨ
ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਦੀ ਬੰਦੂਕ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜੋ ਕਿ ਇੱਕ ਸਿੱਖ ਵੱਲੋਂ ਸੱਚੇ ਪਾਤਸ਼ਾਹ ਨੂੰ ਭੇਂਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਿਸ ਵੇਲੇ....
ਪੀਟੀਸੀ ਵੈੱਬ ਡੈਸਕ: ਸਿੱਖਾਂ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਖਾਲਸਾ ਪੰਥ ਸਾਜਨਾ ਦਿਵਸ ਸਮਾਗਮਾਂ ਦੀ ਸ਼ੁਰੂਆਤ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਨਾਲ ਸਬੰਧਤ ਸ਼ਸਤਰ ਦਿਖਾਏ। ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਸਾਹਿਬ, ਉਨ੍ਹਾਂ ਵੱਲੋਂ ਚਲਾਈ ਗਈ ਬੰਦੂਕ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ੍ਰੀ ਸਾਹਿਬ ਵੀ ਸੰਗਤਾਂ ਨੂੰ ਦਰਸ਼ਨ ਕਰਾਏ ਗਏ। ਇਸ ਦੇ ਨਾਲ ਹੀ ਜਥੇਦਾਰ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸ਼ਸਤਰਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ਼ਸਤਰਾਂ ਤੋਂ ਬਿਨਾਂ ਰਾਜ ਸੰਭਵ ਨਹੀਂ ਹੈ। ਅੱਜ ਵੀ ਉਹੀ ਦੇਸ਼ ਸਭ ਤੋਂ ਖੁਸ਼ਹਾਲ ਹੈ, ਜਿਸ ਕੋਲ ਸਭ ਤੋਂ ਵੱਡੀ ਫੌਜੀ ਤਾਕਤ ਹੈ। ਉਨ੍ਹਾਂ ਕਿਹਾ ਸਿਆਸੀ ਤਾਕਤਾਂ ਸਿੱਖਾਂ ਨੂੰ ਸ਼ਸਤਰਾਂ ਤੋਂ ਵੱਖ ਕਰਨਾ ਚਾਹੁੰਦੀਆਂ ਹਨ, ਜੋ ਕਿ ਸੰਭਵ ਨਹੀਂ ਹੈ।
ਕਿਰਪਾਨ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਕਿਰਪਾਨ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਤੇ ਦੱਸਿਆ ਕਿ ਜ਼ਾਲਿਮ ਨੂੰ ਜ਼ੁਲਮ ਨੂੰ ਰੋਕਣ ਲਈ ਦਸਵੇਂ ਪਾਤਸ਼ਾਹ ਵੱਲੋਂ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਹੁਕਮ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਵਿਦੇਸ਼ੀ ਤਾਕਤਾਂ ਵੱਲੋਂ ਭਾਰਤ 'ਚ ਵੜ ਕੀਤੇ ਜਾਂਦੇ ਜ਼ੁਲਮਾਂ ਨੂੰ ਰੋਕਣ ਲਈ ਇਸ ਕਿਰਪਾਨ ਦੀ ਵਰਤੋਂ ਗੁਰੂ ਸਾਹਿਬ ਨੇ ਕੀਤੀ ਅਤੇ ਸਿੱਖਾਂ ਨੂੰ ਸ਼ਸਤਰ ਧਾਰੀ ਹੋਣ ਦਾ ਉਪਦੇਸ਼ ਵੀ ਦਿੱਤਾ। ਦੱਸਣਯੋਗ ਹੈ ਕਿ ਵੈਸੇ ਤਾਂ ਇਹ ਤਲਵਾਰ ਹੀ ਹੈ ਪਰ ਜਦੋਂ ਤਲਵਾਰ ਨੂੰ ਸਿਰਫ਼ ਔਰ ਸਿਰਫ਼ ਰੱਖਿਆ ਦੇ ਮੰਤਵ ਨਾਲ ਵਰਤਿਆ ਜਾਵੇ ਤਾਂ ਇਸਨੂੰ ਕਿਰਪਾਨ ਵੀ ਕਿਹਾ ਜਾਂਦਾ ਜਿਸਦਾ ਅਰਥ ਹੈ 'ਕਿਰਪਾ' ਕਰਨ ਲਈ ਵਰਤਿਆ ਗਿਆ ਸ਼ਸਤਰ।
ਬੰਦੂਕ
ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਦੀ ਬੰਦੂਕ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜੋ ਕਿ ਇੱਕ ਸਿੱਖ ਵੱਲੋਂ ਸੱਚੇ ਪਾਤਸ਼ਾਹ ਨੂੰ ਭੇਂਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਇਹ ਬੰਦੂਕ ਗੁਰੂ ਸਾਹਿਬ ਨੂੰ ਭੇਂਟ ਹੋਈ ਉੱਥੇ ਦਾ ਹਾਕਿਮ ਭਾਈ ਡੱਲਾ, ਜੋ ਗੁਰੂ ਸਾਹਿਬ ਦਾ ਸੇਵਕ ਵੀ ਸੀ, ਹੰਕਾਰ ਵਸ ਸਤਿਗੁਰਾਂ ਨੂੰ ਆਖਣ ਲੱਗਾ ਮਹਾਰਾਜ ਜੋ ਤੁਸੀਂ ਹੁਣ ਤੱਕ ਮੁਗ਼ਲਾਂ ਖ਼ਿਲਾਫ਼ ਜੰਗ ਛੇੜ ਤਕਲੀਫ਼ਾਂ ਤੇ ਪ੍ਰੇਸ਼ਾਨੀਆਂ ਝੱਲੀਆਂ ਨੇ ਜੇਕਰ ਤੁਸੀਂ ਮੈਨੂੰ ਆਖ ਦਿੰਦੇ ਮੈਂ ਆਪਣੇ ਲੰਬੇ ਚੌੜੇ ਛਾਤੀਆਂ ਵਾਲੇ ਸੈਨਿਕਾਂ ਨਾਲ ਆ ਤੁਹਾਨੂੰ ਜੰਗ ਕਦੋਂ ਦਾ ਜਿਤਾ ਦਿੰਦਾ। ਉਸ ਵੇਲੇ ਅੰਤਰਜਾਮੀ ਸਤਿਗੁਰਾਂ ਨੇ ਆਪਣੇ ਸੇਵਕ ਦਾ ਅਵਗੁਣ ਮਿਟਾਉਣ ਤੇ ਹੰਕਾਰ ਤੋੜਨ ਲਈ ਬੰਦੂਕ ਦੀ ਮਾਰ ਪਰਖਣ ਨੂੰ ਕਿਹਾ ਤੇ ਆਪਣੇ ਸੈਨਿਕਾਂ ਵਿਚੋਂ ਦੋ ਯੋਧਿਆਂ ਨੂੰ ਬੁਲਾਉਣ ਨੂੰ ਆਖਿਆ। ਪਹਿਲਾਂ ਤਾਂ ਡੱਲਾ ਝਿਝਕਿਆ ਪਰ ਸਤਿਗੁਰਾਂ ਦਾ ਨਿਸਚਾ ਵੇਖ ਜਿਵੇਂ ਹੀ ਉਸਨੇ ਆਪਣੇ ਸੈਨਿਕਾਂ ਨੂੰ ਆਦੇਸ਼ ਦਿੱਤਾ ਤਾਂ ਸਾਰੇ ਪਿੱਠ ਦਿੱਖਾ ਪਿੱਛੇ ਹੋ ਗਏ ਅਤੇ ਕੋਈ ਸਾਹਮਣੇ ਨਾ ਆਇਆ। ਇਸਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਡੱਲੇ ਨੂੰ ਸਿੱਖਾਂ ਨੂੰ ਉਨ੍ਹਾਂ ਦਾ ਹੁਕਮ ਸੁਣਾਉਣ ਨੂੰ ਕਿਹਾ ਤਾਂ ਸਿੱਖਾਂ ਵਿਚੋਂ ਪਿਓ-ਪੁੱਤ ਦਾ ਇੱਕ ਜੋੜਾ ਭਾਈ ਬੀਰ ਸਿੰਘ ਅਤੇ ਭਾਈ ਧੀਰ ਸਿੰਘ ਸਾਹਮਣੇ ਆ ਖਲੋਏ ਤੇ ਸਤਿਗੁਰਾਂ ਨੂੰ ਉਨ੍ਹਾਂ ਦੀ ਛਾਤੀ 'ਤੇ ਬੰਦੂਕ ਦੀ ਮਾਰ ਪਰਖਣ ਦੀ ਬੇਨਤੀ ਕੀਤੀ। ਇਨ੍ਹਾਂ ਹੀ ਨਹੀਂ ਸਗੋਂ ਇੱਕ ਦੂਜੇ ਦੇ ਅੱਗੇ ਹੋ ਛਾਤੀਆਂ ਚੌੜੀਆਂ ਕਰ ਕੇ ਖੜਨ ਲੱਗੇ ਤਾਂ ਸੱਚੇ ਪਾਤਸ਼ਾਹ ਨੇ ਉਨ੍ਹਾਂ ਦੇ ਸਿਰਾਂ ਦੇ ਉੱਤੇ ਤੋਂ ਨਿਸ਼ਾਨਾ ਮਾਰ ਜਿੱਥੇ ਡੱਲੇ ਦਾ ਹੰਕਾਰ ਚੂਰ ਚੂਰ ਕਰ ਦਿੱਤਾ। ਉੱਥੇ ਹੀ ਡੱਲੇ ਨੂੰ ਸਮਝਾਉਣਾ ਕੀਤਾ ਕਿ ਜੰਗ ਬਹਾਦਰੀ, ਸਮਰਪਣ ਅਤੇ ਨਿਸਚੇ ਨਾਲ ਜਿੱਤੀਆਂ ਜਾਂਦੀਆਂ ਨਾ ਕਿ ਉੱਚੇ ਲੰਮੇ ਸੈਨਿਕਾਂ ਦੇ ਦਮ 'ਤੇ ਜੰਗ ਜਿੱਤ ਹੁੰਦੀ ਹੈ।
ਚਾਂਦੀ ਦੀ ਮੋਹਰ
ਇਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਚਾਂਦੀ ਦੀ ਮੋਹਰ ਦੇ ਦੀਦਾਰ ਕਰਵਾਏ ਜਿਸਤੇ ਉਕਰਿਆ ਹੋਇਆ 'ਅਕਾਲ ਸਹਾਇ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ ਤਖ਼ਤ ਦਮਦਮਾ ਜੀ'। ਉਨ੍ਹਾਂ ਦੱਸਿਆ ਕਿ ਪਾਵਨ ਤਖ਼ਤ ਸਾਹਿਬ ਤੋਂ ਗੁਰੂ ਸਾਹਿਬ ਵੱਲੋਂ ਜਿਹੜੇ ਹੁਕਮਨਾਮੇ ਜਾਰੀ ਹੁੰਦੇ ਸੀ, ਉਨ੍ਹਾਂ 'ਤੇ ਇਹ ਮੋਹਰ ਦੀ ਵਰਤੋਂ ਕੀਤੀ ਜਾਂਦੀ ਸੀ।
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਤੇਗਾ
ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਗਤਾਂ ਨੂੰ ਜਿੱਥੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਇਤਿਹਾਸ ਤੋਂ ਜਾਣੂ ਕਰਵਾਇਆ। ਉੱਥੇ ਹੀ ਉਨ੍ਹਾਂ ਉਸ ਮਹਾਨ ਸ਼ੁਰਬੀਰ ਯੋਧੇ ਜਰਨੈਲ ਅਤੇ ਵਿਦਵਾਨ ਸਿੱਖ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਤੇਗੇ ਦੇ ਦਰਸ਼ਨ ਕਰਵਾ ਸੰਗਤਾਂ ਨੂੰ ਨਿਹਾਲ ਕਿੱਤਾ।
ਪੰਜਾਬ ਦੇ ਹਾਲਤ ਠੀਕ, ਦਰਸ਼ਨਾਂ ਨੂੰ ਆਉਣ ਲੋਕ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਹਨ। ਰਾਜ ਵਿੱਚ ਨਾ ਤਾਂ ਕੋਈ ਟਕਰਾਅ ਹੋਇਆ ਅਤੇ ਨਾ ਹੀ ਦੋ ਭਾਈਚਾਰਿਆਂ ਵਿੱਚ ਤਲਵਾਰਾਂ ਚੱਲੀਆਂ ਹਨ। ਇੱਥੇ ਸਰਕਾਰ ਨਾਲ ਹੋਏ ਟਕਰਾਅ ਵਿੱਚ ਕੋਈ ਗੋਲੀ ਤੱਕ ਨਹੀਂ ਚਲਾਈ ਗਈ ਪਰ ਫਿਰ ਵੀ ਪੰਜਾਬ ਨੂੰ ਅਸ਼ਾਂਤ ਸੂਬਾ ਕਿਹਾ ਜਾ ਰਿਹਾ ਹੈ। ਜਿੱਥੇ ਦੰਗੇ ਹੋਏ ਹਨ ਉੱਥੇ ਅਮਨ-ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ, ਉਸਨੂੰ ਛੱਡ ਕੇ ਪੰਜਾਬ ਨੂੰ ਅਸ਼ਾਂਤ ਸੂਬਾ ਕਿਹਾ ਜਾ ਰਿਹਾ ਹੈ।