ਅੱਠ ਸਾਲਾਂ ਦੀ ਖੋਜ ਮਗਰੋਂ ਉਜਾਗਰ ਹੋਇਆ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨਾਲ ਸਬੰਧਿਤ ਇਤਿਹਾਸਿਕ ਸਥਾਨ

By  Jasmeet Singh December 20th 2023 12:09 PM -- Updated: December 20th 2023 12:13 PM

PTC News Desk: ਸਿੱਖ ਇਤਿਹਾਸ ਮੁਤਾਬਕ 6 ਮਹੀਨਿਆਂ ਤੋਂ ਵੱਧ ਸਮੇਂ ਤੱਕ ਸ੍ਰੀ ਅਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਅਤੇ ਮੁਗ਼ਲੀਆ ਹਕੂਮਤ ਦੇ ਘੇਰਾ ਪਾਉਣ ਮਗਰੋਂ ਜਦੋਂ ਉਨ੍ਹਾਂ ਗੀਤਾ ਅਤੇ ਕੁਰਾਨ ਦੀ ਕਸਮਾਂ ਖਾਦੀਆਂ ਅਤੇ ਅਨੰਦਪੁਰੀ ਨੂੰ ਖ਼ਾਲੀ ਕਰਨ ਤੇ ਹਮਲਾ ਨਾ ਕਰਨ ਦਾ ਵਚਨ ਦਿੱਤਾ ਤਾਂ 6 ਅਤੇ 7 ਪੋਹ 1704 ਈ: ਦੀ ਦਰਮਿਆਨੀ ਰਾਤ ਹਕੂਮਤ ਨੇ ਵਾਅਦਾ ਖਿਲਾਫ਼ੀ ਕਰ ਸਿੱਖਾਂ 'ਤੇ ਪਿੱਛੋਂ ਹਮਲਾ ਕਰ ਦਿੱਤਾ। 


ਜਿਸ ਦੌਰਾਨ ਸਰਸਾ ਨਦੀ ਦੇ ਕੰਡੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਅਤੇ ਇਤਿਹਾਸ 'ਚ ਜ਼ਿਕਰ ਆਉਂਦਾ ਕਿ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ। ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਗੁਰ ਸਿੱਖਾਂ ਦੇ ਨਾਲ ਚਮਕੌਰ ਦੀ ਗੜ੍ਹੀ ਵੱਲ ਨੂੰ ਤੁਰ ਪਏ। ਜਗਤ ਮਾਤਾ, ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸ਼ਰਧਾਲੂ ਕੁੰਮਾ ਮਾਸ਼ਕੀ ਦੇ ਘਰੇ ਇੱਕ ਰਾਤ ਕੱਟੀ, ਜਿੱਥੇ ਉਸ ਗੁਰ ਸਿੱਖ ਨੇ ਅਥਾਹ ਸੇਵਾ ਕੀਤੀ ਤੇ ਜਿਥੋਂ ਪੰਥ ਦੋਖੀ ਚੰਦੂ ਬਾਹਮਣ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਪੈਸਿਆਂ ਦੇ ਲਾਲਚ 'ਚ ਗੁਰੂ ਕੇ ਲਾਲ ਅਤੇ ਮਾਤਾ ਜੀ ਨੂੰ ਹਕੂਮਤ ਕੋਲ ਫੜਵਾ ਦਿੱਤਾ।   



ਸ਼ਹੀਦੀ ਪੰਦਰਵਾੜੇ ਦੇ ਆਗਾਜ਼ ਨਾਲ ਅੱਜ ਅਸੀਂ ਤੁਹਾਨੂੰ ਉਸ ਤੀਜੇ ਭਾਗ ਤੋਂ ਜਾਣੂ ਕਰਵਾ ਰਹੇ ਹਾਂ ਜਿਸ ਵਾਰੇ ਬਹੁਤਿਆਂ ਨੂੰ ਪਤਾ ਵੀ ਨਹੀਂ ਹੈ। ਗੁਰ ਪਰਿਵਾਰ ਦੇ ਤੀਜੇ ਭਾਗ 'ਚ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਹੋਰ ਗੁਰਸਿੱਖਾਂ ਦੇ ਸਮੇਤ ਰੂਪਨਗਰ ਸ਼ਹਿਰ ਦੇ ਉੱਚਾ ਖੇੜਾ ਇਲਾਕੇ ਵਿੱਚ ਜਾ ਪਹੁੰਚੇ ਸਨ। ਪੰਥ ਦੇ ਇਸ ਇਤਿਹਾਸ ਤੋਂ ਲੋਕ ਘੱਟ ਹੀ ਜਾਣੂ ਹਨ।


ਇਸ ਪਾਵਨ ਅਸਥਾਨ ਦਾ ਨਾਮ ਹੈ, ਗੁਰਦੁਆਰਾ ‘ਗੁਰੂ ਕੇ ਮਹਿਲ’ ਜੋ ਕਿ ਪੁਰਾਤਨ ਸਰਹਿੰਦੀ ਇੱਟਾਂ ਨਾਲ ਬੰਨਿਆ ਹੋਇਆ ਹੈ। ਇਹ ਗੁਰੂਘਰ ਆਪਣੇ ਆਪ 'ਚ ਅੱਜ ਵੀ ਪੁਰਾਤਨ ਸਰੂਪ ਸੰਭਾਲੇ ਹੋਏ ਹੈ। ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਅੱਠ ਸਾਲਾਂ ਦੀ ਖੋਜ ਤੋਂ ਬਾਅਦ ਇਸ ਸਥਾਨ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਇਸਨੂੰ ਇਤਿਹਾਸਿਕ ਅਸਥਾਨ ਦਾ ਦਰਜਾ ਹਾਸਿਲ ਹੋਇਆ। 


ਸਿੱਖ ਇਤਿਹਾਸ ਵਿੱਚ ਇਸ ਸਥਾਨ ਦਾ ਜ਼ਿਕਰ ਆਉਣ ਮਗਰੋਂ ਸਾਲ 2009 ਤੋਂ 2016 ਤੱਕ ਸਿੱਖ ਇਤਿਹਾਸ ਪੜ੍ਹ ਕੇ ਅਤੇ ਸਿੱਖ ਵਿਦਵਾਨਾਂ ਨਾਲ ਸਲਾਹ ਕਰਕੇ ਉਕਤ ਸਥਾਨ ਦੀ ਪੁਸ਼ਟੀ ਹੋਈ। 



ਸਥਾਨ ਦੀ ਪੁਸ਼ਟੀ ਹੋਣ ਉਪਰੰਤ ਘਰ ਦੇ ਮਾਲਕਾਂ ਨੂੰ ਮਾਇਆ ਦੇ ਕੇ ਇਸ ਪਾਵਨ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਿਖਤੀ ਰੂਪ ’ਚ ਰਜਿਸਟਰ ਕੀਤਾ ਗਿਆ। 12 ਫਰਵਰੀ 2017 ਨੂੰ ਇਸ ਪੁਰਾਤਨ ਦਿੱਖ ਵਾਲੇ ਘਰ ਦੀ ਉਪਰਲੀ ਮੰਜ਼ਿਲ 'ਤੇ ਕੇਸਰੀ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ। ਇਸ ਅਸਥਾਨ ਦਾ ਪ੍ਰਬੰਧ ਗੁਰਦੁਆਰਾ ਬਾਬਾ ਕੁੰਮਾ ਮਾਸ਼ਕੀ ਦੀ ਪ੍ਰਬੰਧਕ ਕਮੇਟੀ ਅਧੀਨ ਚੱਲ ਰਿਹਾ ਹੈ।


ਇਹ ਵੀ ਪੜ੍ਹੋ: ਆਨੰਦ ਕਾਰਜ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਅਹਿਮ ਫੈਸਲੇ ਲੈਂਦਿਆਂ ਗੁਰਮਤਾ ਪਾਰਿਤ

Related Post