ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਜਾਰੀ ਕੀਤਾ ਨੋਟਿਸ, ਕਿਹਾ-ਜੇਕਰ ਸ਼ਹਿਰਾਂ ਦਾ ਇਹ ਹਾਲ ਤਾਂ ਪਿੰਡਾਂ 'ਚ...
Muktsar News : ਪੰਜਾਬ-ਹਰਿਆਣਾ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਹਾਈਕੋਰਟ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਅਤੇ ਤਲਬ ਕਰਦਿਆਂ ਨੋਟਿਸ ਜਾਰੀ ਕੀਤਾ ਹੈ ਅਤੇ ਮਾਮਲੇ 'ਚ ਜਲਦ ਕਾਰਵਾਈ ਕਰਨ ਲਈ ਕਿਹਾ ਹੈ।
GidderBaha News : ਪੰਜਾਬ 'ਚ ਸੀਵਰੇਜ ਦੇ ਪਾਣੀ ਦੇ ਓਵਰਫਲੋ ਨੂੰ ਲੈ ਕੇ ਕਈ ਥਾਂਵਾਂ 'ਤੇ ਸਮੱਸਿਆ ਬਣੀ ਹੋਈ ਹੈ, ਪਰੰਤੂ ਸਰਕਾਰ ਵੱਲੋਂ ਇਸ ਦਾ ਕੋਈ ਵੀ ਠੋਸ ਹੱਲ ਨਹੀਂ ਕੀਤਾ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਇਲਾਕੇ ਵਿੱਚ ਵੀ ਇਹ ਸਮੱਸਿਆ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਹਾਈਕੋਰਟ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਅਤੇ ਤਲਬ ਕਰਦਿਆਂ ਨੋਟਿਸ ਜਾਰੀ ਕੀਤਾ ਹੈ ਅਤੇ ਮਾਮਲੇ 'ਚ ਜਲਦ ਕਾਰਵਾਈ ਕਰਨ ਲਈ ਕਿਹਾ ਹੈ।
ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਹਾਈਕੋਰਟ 'ਚ ਇਹ ਪਟੀਸ਼ਨ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਖਲ ਕੀਤੀ ਹੈ। ਐਡਵੋਕੇਟ ਨਿਖਿਲ ਘਈ ਰਾਹੀਂ ਦਾਇਰ ਕੀਤੀ ਗਈ ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮੁਕਤਸਰ ਅਤੇ ਗਿੱਦੜਬਾਹਾ ਵਿੱਚ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ, ਜਿਸ ਕਾਰਨ ਇੱਥੋਂ ਦੇ ਹਜ਼ਾਰਾਂ ਵਸਨੀਕਾਂ ਲਈ ਤਰਸਯੋਗ ਹਾਲਾਤ ਬਣ ਗਏ ਹਨ।
ਪਟੀਸ਼ਨ 'ਚ ਅੱਗੇ ਕਿਹਾ ਗਿਆ ਹੈ ਕਿ ਇਸ ਵਾਰ ਬਰਸਾਤ ਦੇ ਮੌਸਮ ਦੌਰਾਨ ਪੂਰੇ ਮੁਕਤਸਰ ਅਤੇ ਖਾਸ ਕਰਕੇ ਗਿੱਦੜਬਾਹਾ ਵਿੱਚ ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਕਾਰਨ ਇੱਥੋਂ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਹੈ ਅਤੇ ਸਥਾਨਕ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ, ਜਿਸ ਕਾਰਨ ਇੱਥੋਂ ਦੇ ਲੋਕ ਖਾਸ ਕਰਕੇ ਗਰੀਬ ਲੋਕ ਗੰਦੇ ਪਾਣੀ ਵਿੱਚ ਰਹਿਣ ਲਈ ਮਜਬੂਰ ਹਨ।
ਪਟੀਸ਼ਨ ਨਾਲ ਹਾਈਕੋਰਟ ਨੂੰ ਮੌਕੇ ਦੇ ਹਾਲਾਤਾਂ ਦੀਆਂ ਤਸਵੀਰਾਂ ਵੀ ਵਿਖਾਈ ਗਈਆਂ ਅਤੇ ਜਦੋਂ ਹਾਈਕੋਰਟ ਨੇ ਇੱਥੋਂ ਦੇ ਹਾਲਾਤ ਬਿਆਨ ਕਰਨ ਵਾਲੀ ਫੋਟੋ ਦੇਖੀ ਤਾਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜੇਕਰ ਸ਼ਹਿਰਾਂ ਦਾ ਇਹ ਹਾਲ ਹੈ ਤਾਂ ਪਿੰਡਾਂ ਦਾ ਕੀ ਹਾਲ ਹੋਵੇਗਾ।ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਤੁਰੰਤ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਜਲਦ ਕਾਰਵਾਈ ਕਰਨ ਲਈ ਕਿਹਾ ਹੈ।