ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਕਾਰਵਾਈ 'ਤੇ ਹਾਈ ਕੋਰਟ ਵੱਲੋਂ ਸਰਕਾਰ ਨੂੰ ਹੁਕਮ ਜਾਰੀ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ, ਡਾ. ਬਰਜਿੰਦਰ ਸਿੰਘ ਹਮਦਰਦ ਜੋ ਵੀ ਰਿਕਾਰਡ ਮੰਗ ਰਹੇ ਨੇ, ਉਹ ਦਿੱਤੇ ਜਾਣ। ਨਾਲ ਹੀ ਪੰਜਾਬ ਸਰਕਾਰ ਨੂੰ ਇਹ ਵੀ ਦੱਸਣ ਨੂੰ ਕਿਹਾ ਕਿ ਹਮਦਰਦ 'ਤੇ ਕੀ ਇਲਜ਼ਾਮਾਤ ਲੱਗੇ ਹਨ? ਸਰਕਾਰ ਅਗਲੀ ਸੁਣਵਾਈ 'ਤੇ ਉਨ੍ਹਾਂ ਦੀ ਪੂਰੀ ਜਾਣਕਾਰੀ ਪੇਸ਼ ਕਰੇ।
ਸੁਣਵਾਈ ਦੌਰਾਨ ਡਾ. ਬਰਜਿੰਦਰ ਸਿੰਘ ਹਮਦਰਦ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਆਰ.ਐਸ.ਚੀਮਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੇ ਜੰਗ-ਏ-ਆਜ਼ਾਦੀ ਫਾਊਂਡੇਸ਼ਨ ਨੂੰ ਪੱਤਰ ਲਿਖ ਕੇ ਵਿਜੀਲੈਂਸ ਵੱਲੋਂ ਮੰਗੀ ਸੂਚਨਾ ਦਾ ਜਵਾਬ ਦੇਣ ਲਈ ਰਿਕਾਰਡ ਮੰਗਿਆ ਹੈ। ਜਿਸ ਦੇ ਜਵਾਬ ਵਿੱਚ ਕਿਹਾ ਗਿਆ ਕਿ ਰਿਕਾਰਡ ਬਹੁਤ ਜ਼ਿਆਦਾ ਹੈ, ਇਸ ਨੂੰ ਹਿੱਸਿਆਂ ਵਿੱਚ ਹੀ ਦਿੱਤਾ ਜਾ ਸਕਦਾ ਹੈ।
ਡਾ. ਹਮਦਰਦ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਰਿਕਾਰਡ ਹੀ ਨਹੀਂ ਮਿਲੇਗਾ ਤਾਂ ਉਹ ਇਸ ਦਾ ਜਵਾਬ ਕਿਵੇਂ ਦੇ ਸਕਦੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਦਾ ਇਲਜ਼ਾਮ ਹੈ ਕਿ ਬਰਜਿੰਦਰ ਸਿੰਘ ਹਮਦਰਦ ਇਸ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ।
ਹਾਈ ਕੋਰਟ ਨੇ ਪਹਿਲਾਂ ਹੀ ਡਾ. ਹਮਦਰਦ ਨੂੰ ਰਾਹਤ ਦਿੰਦਿਆਂ ਕਿਹਾ ਹੈ ਕਿ ਵਿਜੀਲੈਂਸ ਨੇ ਉਨ੍ਹਾਂ ਤੋਂ ਜੋ ਵੀ ਪੁੱਛਗਿੱਛ ਕਰਨੀ ਹੈ, ਉਹ ਸਵਾਲ ਉਨ੍ਹਾਂ ਨੂੰ ਭੇਜੇ, ਜਿਨ੍ਹਾਂ ਦਾ ਉਹ ਮਿੱਥੇ ਸਮੇਂ 'ਤੇ ਜਵਾਬ ਦੇਣ। ਨਾਲ ਹੀ ਉਨ੍ਹਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਸੱਤ ਦਿਨਾਂ ਦਾ ਨੋਟਿਸ ਦੇਣ ਦੇ ਵੀ ਹੁਕਮ ਜਾਰੀ ਕੀਤੇ ਜਾ ਚੁਕੇ ਹਨ।
ਦੱਸ ਦਈਏ ਕਿ ਜੰਗ-ਏ-ਆਜ਼ਾਦੀ ਯਾਦਗਾਰੀ ਫੰਡ ਮਾਮਲੇ ਵਿੱਚ ਹੋਈਆਂ ਬੇਨਿਯਮੀਆਂ ਨੂੰ ਲੈ ਕੇ ਪੰਜਾਬ ਵਿਜੀਲੈਂਸ ਨੇ ਅਜੀਤ ਨਿਊਜ਼ ਗਰੁੱਪ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ ਨੂੰ ਮਾਮਲੇ ਦੀ ਜਾਂਚ ਦੇ ਲਈ ਪੁੱਛਗਿੱਛ ਕਰਨ ਦੇ ਲਈ ਨੋਟਿਸ ਜਾਰੀ ਕੀਤਾ ਸੀ। ਜਿਸ ਖ਼ਿਲਾਫ਼ ਡਾ. ਹਮਦਰਦ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਇਸ ਪੂਰੇ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੇ ਖ਼ਿਲਾਫ ਲਗਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਅਤੇ ਰਾਜਨੀਤੀਕ ਰੰਜਿਸ਼ ਦੇ ਨਾਲ ਪ੍ਰੇਰਿਤ ਹਨ।
ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਜਾਰੀ!
ਜਲੰਧਰ ਤੋਂ ਛਪਣ ਵਾਲੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਅਖਬਾਰ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਨੇ ਤਲਬ ਕੀਤਾ ਸੀ। ਡਾ. ਹਮਦਰਦ ਨੂੰ 29 ਮਈ ਨੂੰ ਪੰਜਾਬ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਸੀ।
ਇਸਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਖ਼ਿਲਾਫ਼ ਤਿੱਖਾ ਪ੍ਰਤੀਕਰਮ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਕਿ ਸੱਤਾ ਦੇ ਨਸ਼ੇ ਵਿੱਚ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ 'ਆਪ' ਸਰਕਾਰ ਇਹ ਬੇਸ਼ਰਮੀ ਭਰਿਆ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਥ ਅਤੇ ਪੰਜਾਬ ਦੀ ਆਵਾਜ਼ ਅਜੀਤ ਅਤੇ ਪਦਮ ਭੂਸ਼ਣ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਇਹ ਬਹੁਤ ਸ਼ਰਮਸਾਰ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਤੌਰ 'ਤੇ ਪ੍ਰੈਸ ਦੀ ਆਜ਼ਾਦੀ ਬਾਰੇ ਹਮਦਰਦ ਸਾਹਿਬ ਦੇ ਸਿਧਾਂਤਕ ਸਟੈਂਡ ਲਈ ਬਦਲਾ ਲੈਣਾ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਵਿਜੀਲੈਂਸ ਦੀ ਇਸ ਕਾਰਵਾਈ ਵਿਰੁਧ ਤਿੱਖਾ ਪ੍ਰਤੀਕਰਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੁਨੀਆਂ ਭਰ 'ਚ ਵਸਦੇ ਪੰਜਾਬੀ ਇਸ ਗੱਲ ਤੋਂ ਹੈਰਾਨ ਨੇ ਕਿ ਕਿਸ ਤਰ੍ਹਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਭ੍ਰਿਸ਼ਟ 'ਆਪ' ਸਰਕਾਰ ਜ਼ੁਲਮ ਕਰਕੇ ਪ੍ਰੈਸ ਦੀ ਆਜ਼ਾਦੀ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜੀਤ ਅਖ਼ਬਾਰ ਦੇ ਐਮ.ਡੀ ਪਦਮ ਭੂਸ਼ਨ ਬਰਜਿੰਦਰ ਸਿੰਘ ਹਮਦਰਦ ਪੰਜਾਬੀ ਪੱਤਰਕਾਰੀ ਦੇ ਪ੍ਰਤੀਕ ਨੇ ਅਤੇ ਪੰਜਾਬ ਦੀ 'ਆਪ' ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਖੜੇ ਰਹੇ ਹਨ।
ਵਿਰੋਧੀ ਧਿਰ 'ਤੇ ਨੇਤਾ ਨੇ ਵੀ ਮਾਨ ਸਰਕਾਰ ਦੀ ਇਸ ਕਾਰਵਾਈ 'ਤੇ ਵਰਦਿਆਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਪਦਮ ਭੂਸ਼ਨ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਦੀ ਸਭ ਤੋਂ ਸਤਿਕਾਰਤ ਮੀਡੀਆ ਸ਼ਖ਼ਸੀਅਤਾਂ ਵਿੱਚੋਂ ਇੱਕ ਨੂੰ ਤਲਬ ਕਰਨਾ ਬਹੁਤ ਹੀ ਨਿੰਦਣਯੋਗ ਸੀ। ਅਜਿਹੀਆਂ ਦਬਾਅ ਦੀਆਂ ਚਾਲਾਂ ਨਾਲ, 'ਆਪ ਪੰਜਾਬ' ਮੀਡੀਆ ਵਿੱਚ ਜੋ ਵੀ ਆਜ਼ਾਦ ਆਵਾਜ਼ਾਂ ਬਚੀਆਂ ਹਨ ਉਨ੍ਹਾਂ ਨੂੰ ਦਬਾ ਦੇਣਾ ਚਾਹੁੰਦੀ ਹੈ। ਪੰਜਾਬ ਦੇ ਸੀ.ਐਮ ਭਗਵੰਤ ਮਾਨ ਪੰਜਾਬ ਵਿੱਚ ਇੱਕ "ਬਈ-ਮਾਨ ਮੀਡੀਆ" ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਿਰਫ "ਉਸ ਦੇ ਮਾਲਕ ਦੀ ਆਵਾਜ਼" ਦੇ ਹੁਕਮਾਂ ਨੂੰ ਤੋਤੇ ਵਾਂਗ ਰਟੇਗਾ।