ਮੀਂਹ ਨੇ ਕਿਸਾਨਾਂ ਅਤੇ ਆੜਤੀਆਂ ਦੇ ਸੂਤੇ ਸਾਹ; ਫ਼ਸਲਾਂ ਦਾ ਹੋ ਰਿਹਾ ਭਾਰੀ ਨੁਕਸਾਨ
ਮੀਂਹ ਕਰਕੇ ਦਾਣਾ ਮੰਡੀ 'ਚ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।
ਅੰਮ੍ਰਿਤਸਰ: ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਨੇ ਜਿੱਥੇ ਜਨਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਕਿਸਾਨਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਬੇਸ਼ੱਕ ਹੁਣ ਤੱਕ ਪਏ ਮੀਂਹ ਨੇ ਬਹੁਤੀਆਂ ਫਸਲਾਂ ਦਾ ਨੁਕਸਾਨ ਨਹੀਂ ਕੀਤਾ ਪਰ ਜੇਕਰ ਤੇਜ਼ ਹਵਾਵਾਂ ਤੇ ਬਰਸਾਤ ਕਰਕੇ ਫ਼ਸਲ ਡਿੱਗ ਪੈਂਦੀ ਹੈ ਤਾਂ ਉਸ ਨੂੰ ਨੁਕਸਾਨ ਹੋਣਾ ਯਕੀਨੀ ਦੱਸਿਆ ਜਾ ਰਿਹਾ ਹੈ ਜਿਸਦੇ ਚੱਲਦਿਆਂ ਪਹਿਲਾਂ ਤੋਂ ਹੀ ਬੇਮੌਸਮੀ ਬਰਸਾਤਾਂ ਤੇ ਭਾਰੀ ਮਾਨਸੂਨ ਦੇ ਝੰਬੇ ਕਿਸਾਨ ਹੋਰ ਨੁਕਸਾਨ ਦੀ ਸੰਭਾਵਨਾ ਨੂੰ ਲੈ ਕੇ ਗਹਿਰੀ ਚਿੰਤਾ ਵਿੱਚ ਹਨ।
ਦਸ ਦਈਏ ਕਿ ਮੰਡੀਆਂ ਦੇ ਵਿੱਚ ਲਗਭਗ ਫ਼ਸਲ ਪਹੁੰਚਣੀ ਸ਼ੁਰੂ ਹੋ ਗਈ ਹੈ ਪਰ ਇੱਥੇ ਵੀ ਬਰਸਾਤ ਕਰਕੇ ਆੜਤੀਆਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਆੜਤੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਭਗਤਾਂ ਵਾਲਾ ਦਾਣਾ ਮੰਡੀ ਸ਼ੈੱਡ ਦਾ ਕੋਈ ਖਾਸ ਪ੍ਰਬੰਧ ਨਹੀਂ ਜਿਸ ਕਰਕੇ ਫ਼ਸਲ ਪਾਣੀ ਦੀ ਮਾਰ ਨਾਲ ਨਸ਼ਟ ਹੋ ਜਾਂਦੀ ਹੈ 'ਤੇ ਕਿਸਾਨਾਂ ਨੂੰ ਇੱਕ ਢੇਰੀ ਪਿੱਛੇ 3500 ਦੇ ਆਸ-ਪਾਸ ਨੁਕਸਾਨ ਝੱਲਣਾ ਪੈ ਰਿਹਾ ਹੈ। ਅਸੀਂ ਸਰਕਾਰਾਂ ਨੂੰ ਕਈ ਵਾਰ ਕਹਿ ਚੁੱਕੇ ਹਾਂ ਮੰਤਰੀ ਕੁਲਦੀਪ ਧਾਲੀਵਾਲ ਵੀ ਇੱਥੇ ਆਏ ਹਨ ਪਰ ਕੋਈ ਹੱਲ ਨਹੀਂ ਕੀਤਾ ਗਿਆ।
ਮੀਂਹ ਕਰਕੇ ਦਾਣਾ ਮੰਡੀ 'ਚ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇੱਕ ਪਾਸੇ ਕਿਸਾਨ ਪੁੱਤਾਂ ਵਾਂਗ ਪਾਲੀ ਫ਼ਸਲ ਸਹੀ ਸਲਾਮਤ ਮੰਡੀ ਲੈਕੇ ਆਉਂਦੇ ਨੇ 'ਤੇ ਦੂਜੇ ਪਾਸੇ ਬਰਸਾਤ ਕਰਕੇ ਉੱਥੇ ਸਲ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ।
ਇਸ ਬਾਬਤ ਆੜਤੀਆ ਜਥੇਬੰਦੀ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ, "ਅਸੀਂ ਕਈ ਵਾਰ ਸਰਕਾਰ ਦੇ ਬੂਹੇ ਖੜਕਾਏ ਹਨ ਪਰ ਸਾਡੀ ਗੱਲ ਨੂੰ ਅਨਗੋਲਿਆਂ ਕੀਤਾ ਗਿਆ"