ਕਿਸਾਨਾਂ ਤੇ ਵੱਡੀ ਕਾਰਵਾਈ ਦੀ ਤਿਆਰੀ ਚ ਹਰਿਆਣਾ ਪੁਲਿਸ, ਵੀਜ਼ੇ ਤੇ ਪਾਸਪੋਰਟ ਕਰਵਾਏਗੀ ਰੱਦ
Haryana Police New Action Against Farmers: ਕਿਸਾਨ ਅੰਦੋਲਨ 2.0 ਨੂੰ ਖੇਰੂੰ-ਖੇਰੂੰ ਕਰਨ ਲਈ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਪੁਲਿਸ ਅਤੇ ਕੇਂਦਰ ਸਰਕਾਰ ਲਗਾਤਾਰ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਹੁਣ ਕਿਸਾਨਾਂ 'ਤੇ ਪੁਲਿਸ ਇੱਕ ਹੋਰ ਵੱਡੀ ਕਾਰਵਾਈ ਕਰੇਗੀ, ਜਿਸ ਲਈ ਉਨ੍ਹਾਂ ਕਿਸਾਨਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਦੇ ਵੀਜ਼ੇ ਤੇ ਪਾਸਪੋਰਟ ਰੱਦ ਕੀਤੇ ਜਾਣੇ ਹਨ। ਇਸ ਸਬੰਧੀ ਡੀਐਸਪੀ ਅੰਬਾਲਾ ਜੋਗਿੰਦਰ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ।
ਜਾਰੀ ਵੀਡੀਓ ਵਿੱਚ ਡੀਐਸਪੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪੰਜਾਬ ਤੋਂ ਹਰਿਆਣਾ ਵੱਲ ਆਉਣ ਵਾਲੇ ਜਿਹੜੇ ਵੀ ਹੁੱਲੜਬਾਜ਼ ਹਨ, ਜੋ ਹਰਿਆਣਾ ਵੱਲ ਵੱਧ ਕੇ ਹੁੜਦੰਗ ਮਚਾਉਣ ਅਤੇ ਬੈਰੀਕੇਡ ਤੋੜ ਕੇ ਅੱਗੇ ਵੱਧਣ ਦੀ ਕਾਰਵਾਈ ਕਰ ਰਹੇ ਹਨ, ਉਨ੍ਹਾਂ ਨੂੰ ਕੈਮਰਿਆਂ, ਡਰੋਨਾਂ ਅਤੇ ਉਨ੍ਹਾਂ ਵੱਲੋਂ ਬਣਾਈਆਂ ਵੀਡੀਓਜ਼ ਰਾਹੀਂ ਪਛਾਣ ਕੀਤੀ ਗਈ ਹੈ। ਇਸ ਉਪਰੰਤ ਹੁਣ ਇਨ੍ਹਾਂ ਪਛਾਣ ਕੀਤੇ ਗਏ ਕਿਸਾਨਾਂ ਦੇ ਵੀਜ਼ਾ ਅਤੇ ਪਾਸਪੋਰਟ ਰੱਦ ਕਰਨ ਲਈ ਮੰਤਰਾਲੇ ਅਤੇ ਦੂਤਾਵਾਸ ਨੂੰ ਕਾਰਵਾਈ ਲਈ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਹੁੜਦੰਗਕਾਰੀਆਂ ਦੀਆਂ ਕਈ ਅਜਿਹੀਆਂ ਤਸਵੀਰਾਂ ਲਈਆਂ ਹਨ, ਜਿਸ ਵਿੱਚ ਇਹ ਲੋਕ ਭੰਨਤੋੜ ਕਰ ਰਹੇ ਹਨ। ਇਨ੍ਹਾਂ ਦੇ ਪਤੇ ਅਤੇ ਫੋਨ ਨੰਬਰ ਆਦਿ ਜਾਣਕਾਰੀ ਲੈ ਕੇ ਦਫਤਰ ਪਾਸਪੋਰਟ ਅਤੇ ਵੀਜ਼ਾ ਨੂੰ ਭੇਜ ਕੇ ਰੱਦ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਕਾਰਵਾਈ ਤਹਿਤ ਕਿਸਾਨ ਆਗੂਆਂ ਵਿਰੁੱਧ 170 ਤੋਂ ਵੱਧ ਸੋਸ਼ਲ ਮੀਡੀਆ ਖਾਤੇ ਵੀ ਬੰਦ ਕੀਤੇ ਜਾ ਚੁੱਕੇ ਹਨ।