Haryana Election 2024 : ਹਰਿਆਣਾ 'ਚ ਭਲਕੇ ਵੋਟਿੰਗ, ਪੋਲਿੰਗ ਬੂਥਾਂ 'ਤੇ ਪਹੁੰਚੀਆਂ ਟੀਮਾਂ, ਮੋਬਾਈਲ ਫੋਨ 'ਤੇ ਪਾਬੰਦੀ

ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਵੀਰਵਾਰ ਸ਼ਾਮ ਨੂੰ ਖਤਮ ਹੋ ਗਿਆ ਅਤੇ ਹੁਣ ਵੋਟਿੰਗ ਦੀ ਵਾਰੀ ਹੈ। ਸੂਬੇ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ ਸ਼ਨੀਵਾਰ ਯਾਨੀ ਭਲਕੇ ਇੱਕ ਪੜਾਅ 'ਚ ਵੋਟਿੰਗ ਹੋਵੇਗੀ, ਜਿਸ 'ਚ 1031 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਪੜ੍ਹੋ ਪੂਰੀ ਖਬਰ....

By  Dhalwinder Sandhu October 4th 2024 06:52 PM

Haryana Assembly Elections 2024 : ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਭਲਕੇ ਯਾਨੀ 5 ਅਕਤੂਬਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

ਵੋਟਿੰਗ ਦੌਰਾਨ ਫੋਟੋਗ੍ਰਾਫੀ ਅਤੇ ਵੀਡੀਓ ਰਿਕਾਰਡਿੰਗ ਦੀ ਮਨਾਹੀ ਹੋਵੇਗੀ। ਵੋਟਿੰਗ ਦੌਰਾਨ ਵੋਟਰ ਆਪਣੇ ਨਾਲ ਮੋਬਾਈਲ ਫ਼ੋਨ ਨਹੀਂ ਲੈ ਕੇ ਜਾ ਸਕਣਗੇ। ਸੂਬੇ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੇ ਦੱਸਿਆ ਕਿ 29 ਹਜ਼ਾਰ 462 ਪੁਲੀਸ ਮੁਲਾਜ਼ਮ, 21 ਹਜ਼ਾਰ 196 ਹੋਮਗਾਰਡ ਜਵਾਨ ਅਤੇ 10 ਹਜ਼ਾਰ 403 ਐਸਪੀਓਜ਼ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 225 ਕੰਪਨੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਵੀ ਸਖ਼ਤ ਨਜ਼ਰ ਰੱਖੀ ਜਾਵੇਗੀ। 

ਚੋਣ ਕਮਿਸ਼ਨ ਨੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਲਈ ਪੂਰੀ ਤਿਆਰੀ ਕਰ ਲਈ ਹੈ। ਰਾਜ ਵਿੱਚ ਵੋਟਿੰਗ ਲਈ ਕੁੱਲ 20629 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਹਰਿਆਣਾ ਦੀਆਂ ਕੁੱਲ 90 ਸੀਟਾਂ ਲਈ 1031 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 930 ਪੁਰਸ਼ ਅਤੇ 101 ਮਹਿਲਾ ਉਮੀਦਵਾਰ ਹਨ। ਉਮੀਦਵਾਰਾਂ ਦੀ ਜਿੱਤ ਜਾਂ ਹਾਰ ਦਾ ਫੈਸਲਾ 2.03 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਕਰਨਗੇ। ਇੱਥੇ 1.07 ਕਰੋੜ ਪੁਰਸ਼, 95.77 ਲੱਖ ਔਰਤਾਂ ਅਤੇ 467 ਟਰਾਂਸਜੈਂਡਰ ਵੋਟਰ ਹਨ।

ਹਰਿਆਣਾ ਵਿੱਚ ਕਿਸ ਪਾਰਟੀ ਦੇ ਕਿੰਨੇ ਉਮੀਦਵਾਰ?

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿਚੋਂ ਕਾਂਗਰਸ ਨੇ 89 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਉਸ ਦੀ ਸਹਿਯੋਗੀ ਸੀਪੀਆਈ (ਐਮ) ਇਕ ਸੀਟ 'ਤੇ ਚੋਣ ਲੜ ਰਹੀ ਹੈ। ਭਾਜਪਾ 89 ਸੀਟਾਂ 'ਤੇ ਚੋਣ ਲੜ ਰਹੀ ਹੈ। ਹਿਸਾਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਸੀ ਅਤੇ ਗੋਪਾਲ ਕਾਂਡਾ ਦਾ ਸਮਰਥਨ ਕੀਤਾ ਸੀ।

ਜੇਜੇਪੀ ਅਤੇ ਆਜ਼ਾਦ ਸਮਾਜ ਪਾਰਟੀ ਵਿਚਾਲੇ ਗਠਜੋੜ ਹੈ, ਜਿਸ ਤਹਿਤ ਜੇਜੇਪੀ ਦੇ ਉਮੀਦਵਾਰ 66 ਸੀਟਾਂ 'ਤੇ ਅਤੇ ਆਜ਼ਾਦ ਸਮਾਜ ਦੇ ਉਮੀਦਵਾਰ 12 ਸੀਟਾਂ 'ਤੇ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਬਸਪਾ ਅਤੇ ਇਨੈਲੋ ਇਕੱਠੇ ਚੋਣ ਲੜ ਰਹੇ ਹਨ, ਜਿਸ ਤਹਿਤ ਇਨੈਲੋ ਉਮੀਦਵਾਰ 51 ਸੀਟਾਂ 'ਤੇ ਅਤੇ ਬਸਪਾ ਉਮੀਦਵਾਰ 35 ਸੀਟਾਂ 'ਤੇ ਕਿਸਮਤ ਅਜ਼ਮਾ ਰਹੇ ਹਨ। ਆਮ ਆਦਮੀ ਪਾਰਟੀ ਨੇ 90 'ਚੋਂ 88 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

Related Post