ਹਰਪਾਲ ਚੀਮਾ ਵੱਲੋਂ ਸ਼ਰਾਬ ਮਾਫੀਆ 'ਤੇ ਸ਼ਿਕੰਜਾ ਕੱਸਣ ਲਈ 'ਸਿਟੀਜ਼ਨ ਐਪ' ਲਾਂਚ
ਚੰਡੀਗੜ੍ਹ: ਸੂਬੇ ਵਿੱਚ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਵਿਭਾਗ ਵੱਲੋਂ ਚਲਾਏ ਜਾ ਰਹੇ ‘ਟ੍ਰੈਕ ਐਂਡ ਟਰੇਸ’ ਪ੍ਰੋਜੈਕਟ ਦੇ ਹਿੱਸੇ ਵਜੋਂ ਅੱਜ ਮੋਬਾਈਲ ਆਧਾਰਿਤ ‘ਐਕਸਾਈਜ਼ ਕਿਊਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ’ ਨੂੰ ਲਾਂਚ ਕੀਤਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਕਿਊ.ਆਰ. ਕੋਡ ਆਧਾਰ ਮੋਬਾਈਲ ਐਪ ਸੂਬੇ ਵਿੱਚ ਨਕਲੀ ਜਾਂ ਬਿਨਾ ਆਬਕਾਰੀ ਕਰ ਦਿੱਤਿਆਂ ਵਿਕਣ ਵਾਲੀ ਸ਼ਰਾਬ ਦੀ ਵਿਕਰੀ ਤੇ ਮੁਕੰਮਲ ਰੋਕ ਲਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਖਪਤਕਾਰਾਂ ਦੀ ਸਿਹਤ ਨੂੰ ਬਚਾਉਣ ਦੇ ਨਾਲ-ਨਾਲ ਆਬਕਾਰੀ ਡਿਊਟੀ ਦੀ ਚੋਰੀ 'ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ। ਵਿੱਤ ਮੰਤਰੀ ਨੇ ਇਸ ਮੌਕੇ ਇੱਕ 24X7 ਹੈਲਪਲਾਈਨ ਨੰਬਰ 9875961126 ਵੀ ਜਾਰੀ ਕੀਤਾ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹੈਲਪਲਾਈਨ 'ਤੇ ਨਕਲੀ ਸ਼ਰਾਬ ਜਾਂ ਲਾਹਣ ਤੋਂ ਕੱਢੀ ਸ਼ਰਾਬ ਜਾਂ ਸ਼ਰਾਬ ਦੀ ਤਸਕਰੀ ਆਦਿ ਦੀ ਜਾਣਕਾਰੀ ਦੇ ਕੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਸੂਬਾ ਸਰਕਾਰ ਵੱਲੋਂ ਵਿੱਢੀ ਮੁਹਿੰਮ ਦਾ ਸਾਥ ਦੇਣ।
ਚੀਮਾ ਨੇ ਕਿਹਾ ਕਿ ਖਪਤਕਾਰ ਹੁਣ ਬੋਤਲ ‘ਤੇ ਮੌਜੂਦ ਕਿਊ.ਆਰ ਕੋਡ ਨੂੰ ਸਕੈਨ ਕਰਕੇ ਉਨ੍ਹਾਂ ਦੁਆਰਾ ਖਰੀਦੀ ਗਈ ਸ਼ਰਾਬ ਦੀ ਬੋਤਲ ਦੀ ਅਸਲੀਅਤ ਦੀ ਜਾਂਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖਪਤਕਾਰ ਹਰ ਬੋਤਲ 'ਤੇ ਚਿਪਕਾਏ ਗਏ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਬੋਤਲ ਦੇ ਲੇਬਲ ਕੋਡ, ਡਿਸਟਿਲਰ/ਬੋਟਲਰ ਦਾ ਨਾਂਅ, ਬ੍ਰਾਂਡ ਦਾ ਨਾਮ, ਸ਼ਰਾਬ ਦੀ ਮਾਤਰਾ, ਅਲਕੋਹਲ ਦੀ ਡਿਗਰੀ ਅਤੇ ਉਤਪਾਦਨ ਦੀ ਮਿਤੀ ਬਾਰੇ ਜਾਣਕਾਰੀ ਹਾਸਿਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਸ ਮੋਬਾਈਲ ਐਪ ਨੂੰ ਕਿਸੇ ਵੀ ਐਂਡਰੌਇਡ ਜਾਂ ਐਪਲ਼ ਫੋਨ ‘ਤੇ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮੋਬਾਈਲ ਐਪ ਨੂੰ ‘ਗੂਗਲ ਪਲੇ ਸਟੋਰ’ ਅਤੇ ‘ਐਪਲ ਸਟੋਰ’ ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਵਿੱਤ ਮੰਤਰੀ ਨੂੰ ਦੱਸਿਆ ਕਿ ਆਬਕਾਰੀ ਵਿਭਾਗ ਦੇ ‘ਟ੍ਰੈਕ ਐਂਡ ਟਰੇਸ’ ਪ੍ਰੋਜੈਕਟ ਤਹਿਤ ਸੂਬੇ ਵਿੱਚ ਵਿਕਣ ਵਾਲੀ ਹਰੇਕ ਬੋਤਲ 'ਤੇ ਕਿਊ.ਆਰ ਕੋਡ ਦਾ ਸਟਿੱਕਰ ਹੋਣਾ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਕਿਸੇ ਵੀ ਗਾਹਕ ਨੂੰ ਖਰੀਦੀ ਗਈ ਸ਼ਰਾਬ ਦੀ ਬੋਤਲ ਬਾਰੇ ਤੁਰੰਤ ਸਾਰੀ ਜਾਣਕਾਰੀ ਮਿਲ ਸਕੇ।