Harjinder Singh Dhami: ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ
ਸ਼੍ਰੋਮਣੀ ਕਮੇਟੀ ਦਾ ਸਲਾਨਾ ਬਜਟ ਇਜਲਾਸ ਖ਼ਤਮ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਮੀਡੀਆ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਜਨਰਲ ਇਜਲਾਸ ਸਿੱਖਾਂ ਨੂੰ ਆਪਣੇ ਬੱਚਿਆਂ ਦੇ ਨਾਮ ਰੱਖਣ ਸਮੇਂ ‘ਸਿੰਘ’ ਅਤੇ ‘ਕੌਰ' ਲਗਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਾ ਹੈ।
SGPC: ਸ਼੍ਰੋਮਣੀ ਕਮੇਟੀ ਦਾ ਸਲਾਨਾ ਬਜਟ ਇਜਲਾਸ ਖ਼ਤਮ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਮੀਡੀਆ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਜਨਰਲ ਇਜਲਾਸ ਸਿੱਖਾਂ ਨੂੰ ਆਪਣੇ ਬੱਚਿਆਂ ਦੇ ਨਾਮ ਰੱਖਣ ਸਮੇਂ ‘ਸਿੰਘ’ ਅਤੇ ‘ਕੌਰ' ਲਗਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਾ ਹੈ। ਸਿੱਖਾਂ ਵੱਲੋਂ ਆਪਣੇ ਬੱਚਿਆਂ ਦੇ ਨਾਮ ‘ਸਿੰਘ' ਅਤੇ ‘ਕੌਰ' ਤੋਂ ਬਿਨਾਂ ਰੱਖਣ ਦਾ ਰੁਝਾਨ ਸਿੱਖ ਰੀਤੀ ਰਿਵਾਜਾਂ ਅਤੇ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਹੈ। ਇਸ ਸੰਜੀਦਾ ਮਾਮਲੇ 'ਤੇ ਸਿੱਖ ਆਪੋ-ਆਪਣੀ ਜ਼ੁੰਮੇਵਾਰੀ ਸੁਹਿਰਦਤਾ ਨਾਲ ਨਿਭਾਉਣ। ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਉੱਤੇ ਹਰ ਸਿੱਖ ਆਪਣੇ ਖਾਤਿਆਂ ਵਿਚ ਆਪਣੇ ਨਾਮ ਨਾਲ 'ਸਿੰਘ' ਤੇ ‘ਕੌਰ' ਜ਼ਰੂਰ ਲਿਖੇ। ਮੀਡੀਆ ਅਦਾਰਿਆਂ ਨੂੰ ਵੀ ਅਪੀਲ ਹੈ ਕਿ ਸਿੱਖ ਸ਼ਖ਼ਸੀਅਤਾਂ ਦੇ ਨਾਮ 'ਸਿੰਘ ਅਤੇ ‘ਕੌਰ’ ਸਮੇਤ ਹੀ ਲਿਖੇ/ਪੜ੍ਹੇ/ਪ੍ਰਕਾਸ਼ਤ ਕੀਤੇ ਜਾਣ।
ਨਾਲ ਹੀ ਉਨ੍ਹਾਂ ਨੇ ਕਿਹਾ ਗੁਰਦੁਆਰਾ ਸਾਹਿਬਾਨ ਅੰਦਰ ਪੁੱਜਦੀ ਸੰਗਤ ਵੱਲੋਂ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਵਜੋਂ ਰੁਮਾਲਾ ਸਾਹਿਬ ਭੇਟ ਕੀਤੇ ਜਾਂਦੇ ਹਨ। ਪਰੰਤੂ ਮੌਜੂਦਾ ਸਮੇਂ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਵੱਲੋਂ ਚੜ੍ਹਾਏ ਜਾਂਦੇ ਰੁਮਾਲਾ ਸਾਹਿਬ ਦੀ ਬਹੁਤਾਤ ਕਾਰਨ ਇਨ੍ਹਾਂ ਦੀ ਸਾਂਭ-ਸੰਭਾਲ ਵਿਚ ਦਿੱਕਤ ਆਉਂਦੀ ਹੈ। ਰੁਮਾਲਾ ਸਾਹਿਬ ਦੀ ਮਰਿਆਦਾ ਦਾ ਸਿੱਖ ਪ੍ਰੰਪਰਾ ਵਿਚ ਅਹਿਮ ਅਸਥਾਨ ਹੈ ਅਤੇ ਰਹੇਗਾ, ਲੇਕਿਨ ਲੋੜ ਤੋਂ ਵੱਧ ਰੁਮਾਲਾ ਸਾਹਿਬ ਦੀ ਸਾਂਭ-ਸੰਭਾਲ ਸਮੇਂ ਆਉਂਦੀ ਮੁਸ਼ਕਲ ਦਾ ਹੱਲ ਵੀ ਜ਼ਰੂਰੀ ਹੈ।
ਇਸ ਲਈ ਸੰਗਤ ਨੂੰ ਲੋੜ ਅਨੁਸਾਰ ਹੀ ਰੁਮਾਲਾ ਸਾਹਿਬ ਭੇਟ ਕਰਨ ਲਈ ਪ੍ਰੇਰਣਾ ਸਮੇਂ ਦੀ ਵੱਡੀ ਲੋੜ ਹੈ। ਗੁਰੂ ਸਾਹਿਬ ਨੂੰ ਨਤਮਸਤਕ ਹੋਣ ਮੌਕੇ ਸੰਗਤ ਵੱਲੋਂ ਸਤਿਕਾਰ ਭੇਟ ਕਰਨ ਵਾਸਤੇ ਅਜਿਹੇ ਜ਼ਰੂਰੀ ਕਾਰਜਾਂ ਲਈ ਰੁਚਿਤ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਸਿੱਖ ਕੌਮ ਦੀ ਭਲਾਈ ਅਤੇ ਚੜ੍ਹਦੀ ਕਲਾ ਹੋ ਸਕੇ। ਮੌਜੂਦਾ ਸਮਾਂ ਬੌਧਿਕ ਤੌਰ 'ਤੇ ਅੱਗੇ ਵਧਣ ਦਾ ਹੈ, ਜਿਸ ਲਈ ਸਿੱਖ ਨੌਜੁਆਨੀ ਅੰਦਰ ਚੇਤਨਾ ਦਾ ਪ੍ਰਚਾਰ ਪ੍ਰਸਾਰ ਅਤਿ ਲਾਜ਼ਮੀ ਹੈ। ਸਿੱਖਿਆ ਦੇ ਖੇਤਰ ਵਿਚ ਪ੍ਰਾਪਤੀਆਂ ਅਤੇ ਪ੍ਰਸ਼ਾਸਕੀ ਸੇਵਾਵਾਂ ਵਿਚ ਹੋਂਦ ਤੋਂ ਬਿਨਾਂ ਕੌਮ ਦੀ ਚੜ੍ਹਦੀ ਕਲਾ ਦਾ ਕਿਆਸ ਨਹੀਂ ਕੀਤਾ ਜਾ ਸਕਦਾ। ਇਸ ਦੇ ਮੱਦੇਨਜ਼ਰ ਸੰਗਤਾਂ ਨੂੰ ਅਪੀਲ ਹੈ ਕਿ ਗੁਰੂ ਘਰਾਂ ਅੰਦਰ ਲੋੜੀਂਦੇ ਰੁਮਾਲਾ ਸਾਹਿਬ ਹੀ ਭੇਟ ਕੀਤੇ ਜਾਣ ਅਤੇ ਇਸ ਤੋਂ ਇਲਾਵਾ ਆਪਣੇ ਦਸਵੰਧ ਦੀ ਭੇਟਾ ਵਿੱਚੋਂ ਸਿੱਖ ਨੌਜੁਆਨੀ ਨੂੰ ਪ੍ਰਸ਼ਾਸਕੀ ਸੇਵਾਵਾਂ ਵੱਲ ਲਿਜਾਣ ਲਈ ਮੱਦਦ ਕੀਤੀ ਜਾਵੇ। ਇਹ ਰੁਝਾਨ ਸਿੱਖ ਕੌਮ ਲਈ ਬੇਹੱਦ ਅਹਿਮ ਸਾਬਤ ਹੋਵੇਗਾ।
- ਧਰਮ ਪ੍ਰਚਾਰ ਕਮੇਟੀ ਦਾ ਬਜਟ 90 ਕਰੋੜ
- ਲੋਕ ਭਲਾਈ ਦੇ ਕਾਰਜ ਤੇ ਸਹਾਇਤਾ ਲਈ 25 ਕਰੋੜ
- ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਸਹਾਇਤਾ 4 ਕਰੋੜ 53 ਲੱਖ 63 ਹਜਾਰ 882 ਰੁਪਏ
- ਵਿਦੇਸ਼ਾਂ ਚ ਸਿੱਖੀ ਦੇ ਪ੍ਰਚਾਰ ਲਈ ਕੇਂਦਰ ਸਥਾਪਿਤ ਕਰਨ ਲਈ 7 ਕਰੋੜ 9 ਲੱਖ ਰੁਪਏ
- ਜਲਦ ਹੀ ਨਿਊਜੀਲੈਂਡ ਦੇ ਆਕਲੈਂਡ ਚ ਮਿਸ਼ਨ ਖੋਲਿਆ ਜਾਵੇਗਾ
- 1984 ਦੇ ਸਿੱਖ ਕਤਲੇਆਮ ਦੌਰਾਨ ਸ਼ਹੀਦ ਹੋਏ ਸਿੱਖਾਂ ਦੇ ਬੱਚਿਆਂ ਦੀ ਉਚੇਰੀ ਸਿੱਖਿਆ ਪੁਰ ਖਰਚ 85 ਲੱਖ 9 ਹਜਾਰ 524 ਰੁਪਏ
- ਹੋਂਦ ਚਿੱਲੜ ਸਿੱਖ ਕਤਲੇਆਮ ਤੋਂ ਪੀੜਿਤ ਪਰਿਵਾਰਾਂ ਨੂੰ 22 ਲੱਖ ਦੀ ਸਹਾਇਤਾ
- ਹਰ ਸਾਲ 25 ਤੋਂ ਵੱਧ ਗੁਰਸਿੱਖ ਵਿਦਿਆਰਥੀਆਂ ਨੂੰ ਆਈ ਏ ਐਸ , ਆਈ ਪੀ ਐਸ , ਆਈ ਐਫ ਐਸ ਤੇ ਪੀ ਪੀ ਐਸ ਸੀ ਦੇ ਪੇਪਰਾਂ ਦੀ ਤਿਆਰੀ ਕਰਵਾਈ ਜਾਵੇਗੀ
- ਅਲਗ ਖਾਤਾ ਖੋਲਿਆ ਜਾਵੇਗਾ, ਸੰਗਤ ਸਹਿਯੋਗ ਕਰ ਰਹੀ ਹੈ
- ਖਾਲਸਾ ਰਾਜ ਦੇ ਵਿਰਾਸਤੀ ਨਿਸ਼ਾਨਾਂ ਨਾਲ ਖਿਲਵਾੜ ਦਾ ਵਿਰੋਧ
- ਬੰਦੀ ਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਦਸਤਖਤੀ ਮੁਹਿੰਮ ਦੌਰਾਨ 22 ਲੱਖ ਤੋਂ ਵੱਧ ਪ੍ਰਫਾਰਮੇ ਭਰੇ ਗਏ
-ਮੁਹੱਲਾ ਕਲੀਨਕ ਤੋਂ ਭਗਵੰਤ ਮਾਨ ਦੀਆਂ ਫੋਟੋਆਂ ਹਟਾਈਆਂ ਜਾਣ
- ਧਾਰਮਿਕ ਸਿੱਖ ਸਖਸ਼ੀਅਤਾਂ ਦੇ ਨਾਂਮ ਮੁੜ ਤੋਂ ਲਿਖੇ ਜਾਣ
- ਵਿਰੋਧੀ ਧਿਰ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ
ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਸੰਸਥਾ ਹੈ ਇਸ ਬਾਰੇ ਬੋਲਣ ਤੋਂ ਵਿਚਾਰ ਕੀਤਾ ਜਾਵੇ
ਬੇਲੋੜਾ ਬੋਲਣ ਤੋਂ ਸੰਕੋਚ ਕੀਤਾ ਜਾਵੇ