ICC Rankings Update: ਹਾਰਦਿਕ ਪੰਡਯਾ ਨੂੰ ਵਿਸ਼ਵ ਚੈਂਪੀਅਨ ਬਣਦੇ ਹੀ ਮਿਲੀ ਇੱਕ ਹੋਰ ਵੱਡੀ ਖੁਸ਼ਖਬਰੀ !

ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਆਈਸੀਸੀ ਟੀ-20 ਰੈਂਕਿੰਗ 'ਚ ਨੰਬਰ 1 ਬਣ ਗਿਆ ਹੈ। ਇਹ ਖਿਡਾਰੀ ਦੁਨੀਆ ਦਾ ਨੰਬਰ 1 ਆਲਰਾਊਂਡਰ ਬਣ ਗਿਆ ਹੈ।

By  Dhalwinder Sandhu July 3rd 2024 04:29 PM

ICC Rankings Update: ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਇੱਕ ਹੋਰ ਵੱਡਾ ਕਾਰਨਾਮਾ ਕੀਤਾ ਹੈ। ਇਹ ਖਿਡਾਰੀ ਦੁਨੀਆ ਦਾ ਨੰਬਰ 1 ਟੀ-20 ਆਲਰਾਊਂਡਰ ਬਣ ਗਿਆ ਹੈ। ਆਈਸੀਸੀ ਨੇ ਬੁੱਧਵਾਰ ਨੂੰ ਨਵੀਂ ਰੈਂਕਿੰਗ ਜਾਰੀ ਕੀਤੀ, ਜਿਸ 'ਚ ਹਾਰਦਿਕ ਪੰਡਯਾ ਆਲਰਾਊਂਡਰਾਂ ਦੀ ਸੂਚੀ 'ਚ ਚੋਟੀ 'ਤੇ ਪਹੁੰਚ ਗਏ ਹਨ। ਪੰਡਯਾ ਨੇ ਮੁਹੰਮਦ ਨਬੀ ਅਤੇ ਵਨੇਂਦੂ ਹਸਾਰੰਗਾ ਨੂੰ ਪਛਾੜਦੇ ਹੋਏ ਰੈਂਕਿੰਗ ਵਿੱਚ ਇੱਕ ਸਥਾਨ ਦੀ ਛਾਲ ਮਾਰੀ ਹੈ। ਪੰਡਯਾ ਇਸ ਤੋਂ ਪਹਿਲਾਂ ਤੀਜੇ ਸਥਾਨ 'ਤੇ ਸੀ ਅਤੇ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਹ ਨੰਬਰ 1 ਆਲਰਾਊਂਡਰ ਬਣ ਗਿਆ ਹੈ।

ਟੀ-20 ਵਿਸ਼ਵ ਕੱਪ 'ਚ ਪੰਡਯਾ ਦਾ ਦਬਦਬਾ

ਹਾਰਦਿਕ ਪੰਡਯਾ ਟੀ-20 ਵਿਸ਼ਵ ਕੱਪ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨੰਬਰ 1 ਆਲਰਾਊਂਡਰ ਬਣ ਗਿਆ ਹੈ। ਇਸ ਖਿਡਾਰੀ ਨੇ 8 ਮੈਚਾਂ 'ਚ 48 ਦੀ ਔਸਤ ਨਾਲ 144 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ ਵੀ 150 ਤੋਂ ਵੱਧ ਸੀ। ਇਸ ਦੌਰਾਨ ਉਸ ਦੇ ਬੱਲੇ ਤੋਂ ਅਰਧ ਸੈਂਕੜਾ ਵੀ ਲੱਗਾ। ਇਸ ਤੋਂ ਇਲਾਵਾ ਗੇਂਦਬਾਜ਼ੀ 'ਚ ਉਸ ਨੇ 8 ਮੈਚਾਂ 'ਚ 11 ਵਿਕਟਾਂ ਲਈਆਂ। ਫਾਈਨਲ 'ਚ ਹਾਰਦਿਕ ਪੰਡਯਾ ਨੇ 3 ਓਵਰਾਂ 'ਚ ਸਿਰਫ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਵੱਡੀ ਗੱਲ ਇਹ ਹੈ ਕਿ ਇਸ ਖਿਡਾਰੀ ਨੇ ਟੀਮ ਇੰਡੀਆ ਲਈ ਸਭ ਤੋਂ ਵੱਡਾ ਖਤਰਾ ਬਣੇ ਹੇਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਨੂੰ ਆਊਟ ਕੀਤਾ।

ਪੰਡਯਾ ਨੇ ਆਲੋਚਕਾਂ ਨੂੰ ਦਿੱਤਾ ਜਵਾਬ 

ਹਾਰਦਿਕ ਪੰਡਯਾ ਲਈ ਟੀ-20 ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਨਾ ਇੰਨਾ ਆਸਾਨ ਨਹੀਂ ਸੀ। ਆਈਪੀਐਲ 2024 ਵਿੱਚ ਇਸ ਖਿਡਾਰੀ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ ਸੀ। ਉਹ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣ ਗਿਆ ਅਤੇ ਟੀਮ ਪਲੇਆਫ ਵਿੱਚ ਨਹੀਂ ਪਹੁੰਚ ਸਕੀ। ਇੰਨਾ ਹੀ ਨਹੀਂ, ਲਗਭਗ ਹਰ ਮੈਚ 'ਚ ਸਟੇਡੀਅਮ 'ਚ ਉਸ ਨੂੰ ਟ੍ਰੋਲ ਕੀਤਾ ਗਿਆ, ਉੱਥੇ ਹੀ ਉਸ ਦੇ ਖਿਲਾਫ ਹੁੱਲੜਬਾਜ਼ੀ ਵੀ ਹੋਈ। ਪਰ ਪੰਡਯਾ ਨੇ ਇਸ ਸਭ 'ਤੇ ਕਾਬੂ ਪਾਇਆ ਅਤੇ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਲੋਚਕਾਂ ਨੂੰ ਚੁੱਪ ਕਰਾ ਦਿੱਤਾ।

ਜਲਦੀ ਹੀ ਟੀਮ ਇੰਡੀਆ ਦੇ ਬਣਨਗੇ  ਕਪਤਾਨ 

ਟੀ-20 ਵਿਸ਼ਵ ਕੱਪ ਤੋਂ ਬਾਅਦ ਹੁਣ ਹਾਰਦਿਕ ਪੰਡਯਾ ਟੀ-20 ਟੀਮ ਦੇ ਕਪਤਾਨ ਬਣ ਸਕਦੇ ਹਨ। ਰੋਹਿਤ ਸ਼ਰਮਾ ਸੰਨਿਆਸ ਲੈ ਚੁੱਕੇ ਹਨ ਅਤੇ ਹੁਣ ਪੰਡਯਾ ਨੂੰ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲੇਗੀ, ਕਿਉਂਕਿ ਇਹ ਖਿਡਾਰੀ ਉਪ-ਕਪਤਾਨ ਸੀ ਅਤੇ ਕਈ ਮੌਕਿਆਂ 'ਤੇ ਟੀਮ ਦੀ ਕਮਾਨ ਸੰਭਾਲ ਚੁੱਕਾ ਹੈ। ਹਾਲਾਂਕਿ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪੰਡਯਾ ਨੇ ਇਹ ਵੀ ਕਿਹਾ ਸੀ ਕਿ ਵਿਸ਼ਵ ਚੈਂਪੀਅਨ ਬਣਨ ਦੀ ਇਹ ਤਾਂ ਸ਼ੁਰੂਆਤ ਹੈ, ਉਹ ਅਜੇ ਵੀ ਪੰਜ ਹੋਰ ਟਰਾਫੀਆਂ ਜਿੱਤਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: Explainer : ਕੀ ਹੁੰਦਾ ਹੈ ਕੰਗਾਰੂ ਕੋਰਟ ? ਜਾਣੋ ਇਸ ਦਾ ਕਿਵੇਂ ਕਰਵਾਇਆਂ ਜਾਂਦਾ ਹੈ ਟਰਾਇਲ ?

Related Post