Champions Trophy 2025 Semifinalists : ਚੈਂਪੀਅਨਸ ਟਰਾਫ਼ੀ ਨੂੰ ਲੈ ਕੇ ਹਰਭਜਨ ਸਿੰਘ ਨੇ ਕੀਤੀ ਭਵਿੱਖਬਾਣੀ, ਦੱਸਿਆ ਕਿਹੜੀਆਂ 4 ਟੀਮਾਂ ਖੇਡਣਗੀਆਂ ਸੈਮੀਫਾਈਨਲ

Champions Trophy 2025 News : ਭੱਜੀ ਨੇ ਕਿਹਾ, "ਮੇਰੇ ਲਈ, ਆਸਟ੍ਰੇਲੀਆ ਅਤੇ ਭਾਰਤ... ਪਰ ਤੁਸੀਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਨੂੰ ਅਜਿਹੇ ਮੁਕਾਬਲਿਆਂ ਤੋਂ ਬਾਹਰ ਨਹੀਂ ਰੱਖ ਸਕਦੇ। ਇਸ ਲਈ ਮੇਰੇ ਮੁਤਾਬਕ, ਇਹ ਚਾਰ ਸੈਮੀਫਾਈਨਲ ਹੋਣਗੇ।"

By  KRISHAN KUMAR SHARMA January 26th 2025 02:00 PM -- Updated: January 26th 2025 02:04 PM

Harbhajan Singh Prediction on Champions Trophy : ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਚੈਂਪੀਅਨਸ ਟਰਾਫੀ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਭੱਜੀ ਨੇ 4 ਅਜਿਹੀਆਂ ਟੀਮਾਂ ਦਾ ਨਾਂ ਰੱਖਿਆ ਹੈ, ਜੋ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਪਹੁੰਚ ਸਕਦੀਆਂ ਹਨ। ਦੱਸ ਦੇਈਏ ਕਿ ਚੈਂਪੀਅਨਸ ਟਰਾਫੀ 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਿਛਲੀ ਵਾਰ 2017 'ਚ ਪਾਕਿਸਤਾਨ ਦੀ ਟੀਮ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਣ 'ਚ ਸਫਲ ਰਹੀ ਸੀ। ਇਸ ਵਾਰ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਪਾਕਿਸਤਾਨ ਅਤੇ ਦੁਬਈ ਕਰ ਰਹੇ ਹਨ। ਸਾਬਕਾ ਭਾਰਤੀ ਆਫ ਸਪਿਨਰ ਨੇ ਕ੍ਰਿਕਟ੍ਰੈਕਰ ਨਾਲ ਇੰਟਰਵਿਊ ਦੌਰਾਨ ਆਪਣੀ ਪਸੰਦ ਦੀਆਂ 4 ਟੀਮਾਂ ਦੀ ਚੋਣ ਕੀਤੀ ਹੈ।

ਦੱਸ ਦੇਈਏ ਕਿ ਭੱਜੀ ਦੇ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਸੈਮੀਫਾਈਨਲ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਭੱਜੀ ਨੇ ਸਿੱਧੇ ਤੌਰ 'ਤੇ ਆਸਟ੍ਰੇਲੀਆ, ਭਾਰਤ, ਨਿਊਜ਼ੀਲੈਂਡ ਅਤੇ ਪਾਕਿਸਤਾਨ ਦਾ ਨਾਂ ਲਿਆ। ਭੱਜੀ ਨੇ ਕਿਹਾ, "ਮੇਰੇ ਲਈ, ਆਸਟ੍ਰੇਲੀਆ ਅਤੇ ਭਾਰਤ... ਪਰ ਤੁਸੀਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਨੂੰ ਅਜਿਹੇ ਮੁਕਾਬਲਿਆਂ ਤੋਂ ਬਾਹਰ ਨਹੀਂ ਰੱਖ ਸਕਦੇ। ਇਸ ਲਈ ਮੇਰੇ ਮੁਤਾਬਕ, ਇਹ ਚਾਰ ਸੈਮੀਫਾਈਨਲ ਹੋਣਗੇ।"

ਦਿਲਚਸਪ ਗੱਲ ਇਹ ਹੈ ਕਿ ਭੱਜੀ ਨੇ ਆਪਣੀ ਭਵਿੱਖਬਾਣੀ ਵਿੱਚ ਇੱਕੋ ਗਰੁੱਪ ਵਿੱਚੋਂ ਤਿੰਨ ਟੀਮਾਂ ਦੀ ਚੋਣ ਕੀਤੀ ਹੈ। ਪਾਕਿਸਤਾਨ, ਭਾਰਤ ਅਤੇ ਨਿਊਜ਼ੀਲੈਂਡ ਸਾਰੇ ਗਰੁੱਪ ਏ ਵਿਚ ਹਨ, ਜਦਕਿ ਆਸਟ੍ਰੇਲੀਆ ਗਰੁੱਪ ਬੀ ਵਿਚ ਹੈ। ਦੱਸ ਦੇਈਏ ਕਿ ਇਹ ਅੱਠ ਟੀਮਾਂ ਦਾ ਟੂਰਨਾਮੈਂਟ ਹੈ, ਜਿਸ ਵਿੱਚ 15 ਮੈਚ ਖੇਡੇ ਜਾਣਗੇ। ਚੈਂਪੀਅਨਸ ਟਰਾਫੀ ਦੇ ਮੈਚ 19 ਫਰਵਰੀ ਤੋਂ 9 ਮਾਰਚ ਤੱਕ ਪਾਕਿਸਤਾਨ ਅਤੇ ਦੁਬਈ ਦੇ ਤਿੰਨ ਸਥਾਨਾਂ 'ਤੇ ਖੇਡੇ ਜਾਣਗੇ - ਚੈਂਪੀਅਨਸ ਟਰਾਫੀ ਦੇ ਮੈਚ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ਵਿੱਚ ਖੇਡੇ ਜਾਣਗੇ।

23 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਂ-ਮੁਕਾਬਲਾ

ਟੀਮਾਂ ਨੂੰ ਦੋ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਗਰੁੱਪ ਏ 'ਚ ਪਾਕਿਸਤਾਨ, ਭਾਰਤ, ਨਿਊਜ਼ੀਲੈਂਡ, ਬੰਗਲਾਦੇਸ਼, ਜਦਕਿ ਗਰੁੱਪ ਬੀ 'ਚ ਅਫਗਾਨਿਸਤਾਨ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਸ਼ਾਮਲ ਹਨ। ਮੇਜ਼ਬਾਨ ਪਾਕਿਸਤਾਨ 19 ਫਰਵਰੀ ਨੂੰ ਕਰਾਚੀ ਵਿੱਚ ਨਿਊਜ਼ੀਲੈਂਡ ਨਾਲ ਭਿੜੇਗਾ, ਜਦੋਂ ਕਿ ਕੱਟੜ ਵਿਰੋਧੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਬਲਾਕਬਸਟਰ ਮੈਚ 23 ਫਰਵਰੀ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ। ਪਾਕਿਸਤਾਨ ਆਪਣੇ ਦੇਸ਼ ਵਿੱਚ ਕੁੱਲ 10 ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦੋਂ ਕਿ ਭਾਰਤ ਦੇ ਚਾਰ ਮੈਚ, ਜਿਸ ਵਿੱਚ ਤਿੰਨੇ ਗਰੁੱਪ-ਪੜਾਅ ਦੇ ਮੈਚ ਅਤੇ ਪਹਿਲੇ ਸੈਮੀਫਾਈਨਲ ਸ਼ਾਮਲ ਹਨ, ਦੁਬਈ ਵਿੱਚ ਖੇਡੇ ਜਾਣਗੇ।

ਦੱਸ ਦੇਈਏ ਕਿ ਭਾਰਤ ਨੇ 18 ਜਨਵਰੀ ਨੂੰ ਆਗਾਮੀ ਟੂਰਨਾਮੈਂਟ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ, ਜਿਸ ਵਿੱਚ ਸ਼੍ਰੇਅਸ ਅਈਅਰ, ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

Related Post