ਆਨੰਦ ਕਾਰਜ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਅਹਿਮ ਫੈਸਲੇ ਲੈਂਦਿਆਂ ਗੁਰਮਤਾ ਪਾਰਿਤ

By  Jasmeet Singh December 15th 2023 06:32 PM

ਨਾਂਦੇੜ: ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਵਿੱਚ ਪੰਜ ਸਿੰਘ ਸਾਹਿਬਾਨ ਨੇ ਆਨੰਦ ਕਾਰਜ ਸਬੰਧੀ ਵਿਚਾਰ ਕਰਨ ਉਪਰੰਤ ਅਹਿਮ ਗੁਰਮਤਾ ਪਾਸ ਕੀਤਾ।


ਜਿਸ ਵਿੱਚ ਕਿਹਾ ਗਿਆ ਕਿ ਅੱਜ ਕੱਲ੍ਹ ਵੇਖਣ 'ਚ ਆਇਆ ਕਿ ਵਿਆਹ ਦੇ ਕਾਰਡ 'ਤੇ ਬੱਚਿਆਂ ਦੇ ਸਿੱਧੇ ਨਾਮ ਹੀ ਲਿੱਖ ਕੇ ਵੰਡ ਦਿੱਤੇ ਜਾਂਦੇ ਹਨ, ਜੋ ਗੁਰਮਤਿ ਤੋਂ ਉਲਟ ਹੈ। ਇਸ ਲਈ ਵਿਆਹ ਦੇ ਕਾਰਡ 'ਤੇ ਬੱਚਿਆਂ ਦੇ ਨਾਮ ਨਾਲ 'ਸਿੰਘ' ਅਤੇ 'ਕੌਰ' ਸ਼ਬਦਾਂ ਦੀ ਵਰਤੋਂ ਲਾਜ਼ਮੀ ਕਰਨ ਨੂੰ ਕਿਹਾ ਗਿਆ ਹੈ।



ਗੁਰਮਤੇ 'ਚ ਕਿਹਾ ਗਿਆ ਕਿ, ਇਸ ਦੇ ਨਾਲ ਹੀ ਵੇਖਣ ਨੂੰ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਤੋਂ ਪਹਿਲਾਂ ਜਦੋਂ ਲਾੜੀ ਦੀ ਐਂਟਰੀ ਹੁੰਦੀ ਹੈ ਤਾਂ ਉਸ ਮੌਕੇ ਉਸਦੇ ਸਿਰ 'ਤੇ ਚੁੰਨੀ ਜਾਂ ਫੁੱਲਾਂ ਦਾ ਛਤਰ ਬਣਾ ਉਸਦੇ ਰਿਸ਼ਤੇਦਾਰ ਉਸਨੂੰ ਗੁਰੂ ਸਾਹਿਬ ਦੀ ਹਾਜ਼ਰੀ 'ਚ ਲਿਆ ਕੇ ਬਿਠਾਉਂਦੇ ਨੇ, ਜੋ ਕਿ ਗੁਰਮਤਿ ਦੇ ਉਲਟ ਹੈ ਅਤੇ ਇਸ ਮਾਰਡਰਨ ਰਿਵਾਜ਼ 'ਤੇ ਤੁਰੰਤ ਪ੍ਰਭਾਵ ਨਾਲ ਸਿੰਘ ਸਾਹਿਬਾਨਾਂ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ।


ਅੰਤ 'ਚ ਸਿੰਘ ਸਾਹਿਬਾਨਾਂ ਨੇ ਵਿਚਾਰ ਮਗਰੋਂ ਦੱਸਿਆ ਕਿ ਅਕਸਰ ਵੇਖਣ ਨੂੰ ਮਿਲ ਰਿਹਾ ਕਿ ਫੈਸ਼ਨ ਟਰੈਂਡ ਦੇ ਚਲਦੇ ਅੱਜ ਕੱਲ੍ਹ ਲਾੜੀ ਬਹੁਤ ਭਾਰੀ ਲਹਿੰਗਾ-ਚੋਲੀ ਪਾ ਕੇ ਆਉਂਦੀਆਂ ਨੇ , ਜਿਸ ਕਰਕੇ ਕਈ ਵਾਰ ਉਨ੍ਹਾਂ ਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਉੱਠਣਾ-ਬਹਿਣਾ ਅਤੇ ਇੱਥੇ ਤੱਕ ਕੇ ਮੱਥਾ ਟੇਕਣਾ ਵੀ ਬਹੁਤ ਔਖਾ ਹੋ ਜਾਂਦਾ ਹੈ। ਜਿਸ ਨੂੰ ਮੁੱਖ ਰੱਖਦਿਆਂ ਹੁਣ ਲਾੜੀ ਨੂੰ ਸਿੱਖ ਮਰਯਾਦਾ ਮੁਤਾਬਕ ਲਹਿੰਗਾ-ਚੋਲੀ ਦੀ ਥਾਂ ਕਮੀਜ਼-ਸਲਵਾਰ ਪਾਉਣ ਦੇ ਹੁਕਮ ਦਿੱਤੇ ਗਏ ਹਨ। 

Related Post