ਲੁਧਿਆਣਾ ਵਿੱਖੇ ਲੁਟੇਰੇ ਤੇ ਪੁਲਿਸ ਵਿਚਕਾਰ ਗੋਲੀਬਾਰੀ, ਆਰੋਪੀ ਗ੍ਰਿਫ਼ਤਾਰ
ਲੁਧਿਆਣਾ, 18 ਨਵੰਬਰ: ਲੁਧਿਆਣਾ ਦੇ ਮੋਤੀ ਨਗਰ ਇਲਾਕੇ 'ਚ ਲੁਟੇਰੇ ਅਤੇ ਪੁਲਿਸ ਵਿਚਕਾਰਰ ਗੋਲੀਬਾਰੀ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਪਹਿਲਾਂ ਲੁਟੇਰੇ ਵੱਲੋਂ ਫਾਇਰੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਫਾਇਰਿੰਗ ਦੌਰਾਨ ਅਮ੍ਰਿਤ ਰਾਜ ਜ਼ਖਮੀ ਹੋ ਗਿਆ। ਫਿਲਹਾਲ ਲੁਟੇਰੇ ਨੂੰ ਕਾਬੂ ਕਰਨ ਮਗਰੋਂ ਪੁਲਿਸ ਉਸਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਲੁਧਿਆਣਾ ਦੇ ਸਿਵਿਲ ਹਸਪਤਾਲ ਪਹੁੰਚੀ ਹੈ ਜਿੱਥੇ ਲੁਟੇਰਾ ਇਲਾਜ ਅਧੀਨ ਹੈ। ਮੈਡੀਕਲ ਸਹਾਇਤਾ ਦੀ ਕਾਰਵਾਈ ਮੁਕੰਮਲ ਹੋਣ ਮਗਰੋਂ ਲੁਟੇਰੇ ਨੂੰ ਮਜਿਸਟਰੇਟ ਕੋਲ ਪੇਸ਼ ਕੀਤਾ ਜਾਵੇਗਾ ਅਤੇ ਉਸਦੀ ਰਿਮਾਂਡ ਹਾਸਿਲ ਕੀਤੀ ਜਾਵੇਗੀ।
ਹਾਸਿਲ ਜਾਣਕਾਰੀ ਮੁਤਾਬਕ 6 ਨਵੰਬਰ ਨੂੰ ਵਾਪਰੇ ਏਟੀਐਮ ਛੇੜਛਾੜ ਤੇ ਲੁੱਟ ਅਤੇ ਪੈਟਰੋਲ ਪੰਪ ਲੁੱਟ ਦੀ ਕੋਸ਼ਿਸ਼ ਮਾਮਲੇ 'ਚ ਪੁਲਿਸ ਨੇ ਭਾਜਪਾ ਕਿਸਾਨ ਮੋਰਚਾ ਦੇ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੈ ਰਾਜ ਸਿੰਘ ਨੂੰ ਨਾਮਜ਼ਦ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਕੱਲ੍ਹ ਰਾਤੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਏਟੀਐਮ ਨਾਲ ਛੇੜਛਾੜ ਤੇ ਲੁੱਟ ਦੇ ਮਾਮਲੇ 'ਚ 6 ਲੋਕ ਸ਼ਾਮਲ ਸਨ, ਜੋ ਕਿ ਸੀਸੀਟੀਵੀ ਤਸਵੀਰਾਂ ਤੋਂ ਵੀ ਸਾਬਿਤ ਹੋਇਆ।
ਅੱਜ ਦੀ ਕਾਰਵਾਈ ਮਗਰੋਂ ਉਦੈ ਰਾਜ ਦੇ ਨਾਲ ਉਸਦੇ ਇੱਕ ਹੋਰ ਸਾਥੀ ਅਮ੍ਰਿਤ ਰਾਜ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਬਾਕੀ ਮੁਲਜ਼ਮਾਂ ਦੀ ਭਾਲ ਅੱਜੇ ਜਾਰੀ ਹੈ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਟੀਮ ਸੀਸੀਟੀਵੀ ਫੁਟੇਜ ਵਿੱਚ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਕਾਮਯਾਬ ਹੋ ਪਾਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਟੀਮ ਉਦੈ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਉਸਦੇ ਦੂਜੇ ਸਾਥੀ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ ਜਿਸ ਮਗਰੋਂ ਉਹ ਪੁਲਿਸ ਦੀ ਕਰਾਸ ਫਾਇਰਿੰਗ 'ਚ ਜ਼ਖਮੀ ਹੈ ਤੇ ਪੁਲਿਸ ਦੀ ਗ੍ਰਿਫ਼ਤ 'ਚ ਹੈ। ਕਾਬੂ ਕੀਤੇ ਗਏ ਮੁਲਜ਼ਮ 'ਤੇ ਪਹਿਲਾਂ ਤੋਂ ਹੀ ਕਤਲ, ਧੋਖਾਧੜੀ ਅਤੇ ਲੁੱਟ ਦੇ ਮਾਮਲੇ ਦਰਜ ਹਨ।